ਚੰਡੀਗੜ੍ਹ: ਹਿੰਦੀ ਸਿਨੇਮਾ ਅਤੇ ਸੰਗੀਤ ਖੇਤਰ 'ਚ ਵੱਡੇ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਸ਼ਾਦਾਬ ਫਰੀਦੀ, ਜਿਨਾਂ ਨੂੰ 'ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਐਵਾਰਡ 2024' ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਉਪਰੰਤ ਹੋਰ ਨਵੇਂ ਆਯਾਮ ਕਾਇਮ ਕਰਨ ਵਾਲੇ ਇਹ ਬਿਹਤਰੀਨ ਗਾਇਕ ਆਉਣ ਵਾਲੇ ਦਿਨਾਂ ਵਿੱਚ ਹੋਰ ਕਈ ਬਿੱਗ ਸੈਟਅੱਪ ਫਿਲਮਾਂ ਵਿਚਲੇ ਗੀਤਾਂ ਨੂੰ ਅਪਣੀ ਮਨਮੋਹਕ ਆਵਾਜ਼ ਦੇਣ ਜਾ ਰਹੇ ਹਨ।
ਸਰਵੋਤਮ ਪਲੇਬੈਕ ਗਾਇਕ ਦੇ ਤੌਰ 'ਤੇ ਮਿਲੇ ਉਪਰੋਕਤ ਵੱਕਾਰੀ ਐਵਾਰਡ ਨੂੰ ਹਾਸਿਲ ਕਰਨ ਬਾਅਦ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਵਿਖਾਈ ਦੇ ਰਹੇ ਇਸ ਬਾਕਮਾਲ ਗਾਇਕ ਨੇ ਮੁੰਬਈ ਤੋਂ ਉਚੇਚੇ ਤੌਰ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮਾਣਮੱਤਾ ਐਵਾਰਡ ਹਾਲ ਹੀ ਵਿਚ ਰਿਲੀਜ਼ ਹੋਈ ਚਰਚਿਤ ਅਤੇ ਵਿੱਕੀ ਕੌਸ਼ਲ-ਸਾਰਾ ਅਲੀ ਖਾਨ ਸਟਾਰਰ ਹਿੰਦੀ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' ਦੇ ਗੀਤ 'ਤੇਰੇ ਵਾਸਤੇ ਫਲਕ ਸੇ ਮੈਂ ਚਾਂਦ ਲਾਊਗਾਂ' ਲਈ ਸਰਵੋਤਮ ਪਲੇਬੈਕ ਗਾਇਕ ਵਜੋਂ ਉਨਾਂ ਦੀ ਝੋਲੀ ਪਿਆ ਹੈ, ਜੋ ਮਕਬੂਲੀਅਤ ਦੇ ਕਈ ਨਵੇਂ ਅਯਾਮ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ।
ਉਨਾਂ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਅੱਗੇ ਦੱਸਿਆ ਕਿ ਉਨਾਂ ਦੇ ਇਸ ਅਤਿ ਲੋਕਪ੍ਰਿਯ ਰਹੇ ਗਾਣੇ ਵਿੱਚ ਸਹਿ-ਗਾਇਕ ਦੇ ਤੌਰ 'ਤੇ ਆਵਾਜ਼ ਉਨਾਂ ਦੇ ਭਰਾ ਅਲਤਮਸ਼ ਫਰੀਦੀ ਦੁਆਰਾ ਦਿੱਤੀ ਗਈ ਸੀ, ਜੋ ਵੀ ਅੱਜ ਬਾਲੀਵੁੱਡ ਦੇ ਉੱਚਕੋਟੀ ਗਾਇਕਾਂ ਵਿੱਚ ਅਪਣੀ ਮੌਜੂਦਗੀ ਲਗਾਤਾਰ ਦਰਜ ਕਰਵਾ ਰਹੇ ਹਨ।
ਪੜਾਅ ਦਰ ਪੜਾਅ ਹੋਰ ਸ਼ਾਨਦਾਰ ਗਾਇਨ ਪ੍ਰਦਰਸ਼ਨ ਵੱਲ ਵੱਧ ਰਹੇ ਇਸ ਹੋਣਹਾਰ ਗਾਇਕ ਨੇ ਕਿਹਾ ਕਿ ਉਹ ਉਕਤ ਅਹਿਮ ਉਪਲਬਧੀ ਦਾ ਸਿਹਰਾ ਮੈਡੌਕ ਫਿਲਮਜ਼ ਤੋਂ ਇਲਾਵਾ ਸੰਗੀਤਕਾਰ ਸਚਿਨ-ਜਿਗਰ, ਗੀਤਕਾਰ ਅਮਿਤਾਭ ਭੱਟਾਚਾਰੀਆ ਨੂੰ ਵੀ ਦੇਣਾ ਚਾਹੁੰਦੇ ਹਨ, ਜਿੰਨਾਂ ਉਨਾਂ ਦੋਹਾਂ ਭਰਾਵਾਂ ਪ੍ਰਤੀ ਅਪਣਾ ਵਿਸ਼ਵਾਸ਼ ਪ੍ਰਗਟਾਉਂਦਿਆਂ ਏਨਾਂ ਖੂਬਸੂਰਤ ਗੀਤ ਉਨਾਂ ਨੂੰ ਗਾਉਣ ਲਈ ਦਿੱਤਾ, ਜਿਸ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਹਾਲੇ ਤੱਕ ਭਰਪੂਰ ਪਿਆਰ-ਸਨੇਹ ਨਾਲ ਨਿਵਾਜ਼ਿਆ ਗਿਆ ਹੈ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਾਲ ਸੰਬੰਧਿਤ ਇਸ ਨਾਯਾਬ ਸ਼ੈਲੀ ਗਾਇਕ ਅਤੇ ਪਲੇਬੈਕ ਸਿੰਗਰ ਵੱਲੋਂ ਰਿਐਲਟੀ ਸ਼ੋਅ 'ਮਿਊਜ਼ਿਕ ਕਾ ਮਹਾ ਮੁਕਾਬਲਾ' ਨਾਲ ਮੁੰਬਈ ਸੰਗੀਤਕ ਗਲਿਆਰਿਆਂ ਵਿੱਚ ਪ੍ਰਭਾਵੀ ਦਸਤਕ ਦਿੱਤੀ ਗਈ ਸੀ, ਜਿੰਨਾਂ ਨੂੰ ਇਸ ਨਗਰੀ ਵਿੱਚ ਵਿਲੱਖਣ ਪਹਿਚਾਣ ਅਤੇ ਉੱਚਾ ਮੁਕਾਮ ਦੇਣ ਵਿੱਚ ਸਲਮਾਨ ਖਾਨ ਸਟਾਰਰ 'ਸੁਲਤਾਨ' ਵਿਚਲੇ ਟਾਈਟਲ ਗੀਤ 'ਮੈਂ ਸੁਲਤਾਨ' ਨੇ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਫਰੀਦੀ ਭਰਾਵਾਂ ਨੇ ਇੱਕ ਤੋਂ ਬਾਅਦ ਇਕ ਸੁਪਰ-ਹਿੱਟ ਗਾਣੇ ਗਾਉਣ ਦਾ ਮਾਣ ਹਾਸਿਲ ਕੀਤਾ ਹੈ, ਜਿੰਨਾਂ ਦੇ ਸੁਪ੍ਰਸਿਧ ਰਹੇ ਗਾਣਿਆਂ ਵਿਚ ਵੇ ਕਮਲਿਆ (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ 2023), ਲੰਬੀਆਂ ਸੀ ਜੁਦਾਈਆ' (ਰਾਬਤਾ 2017 ), 'ਦੀਵਾਨੀ ਮਸਤਾਨੀ' (ਬਾਜੀਰਾਓ ਮਸਤਾਨੀ 2015), 'ਤੁਮ ਹੀ ਹਕੀਕਤ' (ਤੁਮ ਮਿਲੇ 2009) ਨੇ ਅਹਿਮ ਭੂਮਿਕਾ ਨਿਭਾਈ।