ਚੰਡੀਗੜ੍ਹ:ਪੰਜਾਬੀ ਗਾਇਕੀ ਨੂੰ ਮਾਣਮੱਤੇ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਲੋਕ ਗਾਇਕ ਹਰਭਜਨ ਮਾਨ, ਜੋ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਪਣਾ ਨਵਾਂ ਗਾਣਾ 'ਸ਼ਹੀਦੀਆਂ ਦਿਹਾੜੇ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿੰਨ੍ਹਾਂ ਦੀ ਭਾਵਪੂਰਨ ਅਵਾਜ਼ ਵਿੱਚ ਸੱਜਿਆ ਇਹ ਧਾਰਮਿਕ ਗਾਣਾ ਕੱਲ੍ਹ 21 ਦਸੰਬਰ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਐਚਐਮ ਰਿਕਾਰਡਸ' ਅਤੇ 'ਮਿਊਜ਼ਿਕ ਐਂਪਾਇਰ ਰਿਕਾਰਡਿੰਗ ਸਟੂਡੀਓ' ਦੇ ਲੇਬਲ ਅਧੀਨ ਵਜੂਦ ਵਿੱਚ ਲਿਆਂਦੇ ਗਏ ਇਸ ਧਾਰਮਿਕ ਗਾਣੇ ਦੇ ਬੋਲ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਲਿਖੇ ਹਨ, ਜਿੰਨ੍ਹਾਂ ਵੱਲੋਂ ਪ੍ਰਭਾਵੀ ਰੂਪ ਵਿੱਚ ਕਲਮਬੱਧ ਕੀਤੇ ਗਏ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਦਿਲ ਟੁੰਬਵੇਂ ਸਿਰਜਨਾਤਮਕ ਸਾਂਚੇ ਅਧੀਨ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਜੱਸ ਪੈਸੀ ਅਤੇ ਹਰਮੀਤ ਐਸ ਕਾਲੜਾ ਵੱਲੋਂ ਵੀ ਅਹਿਮ ਤਰੱਦਦ ਨੂੰ ਅੰਜ਼ਾਮ ਦਿੱਤਾ ਗਿਆ ਹੈ।