ਚੰਡੀਗੜ੍ਹ:ਸਾਲ 2004 ਵਿੱਚ ਨੁਪੁਰ ਆਡਿਓ ਵੱਲੋਂ ਜਾਰੀ ਕੀਤੇ ਗਏ ਪੰਜਾਬੀ ਗਾਣੇ 'ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ' ਦੀ ਧਮਕ ਦਾ ਅਸਰ ਅੱਜ ਦੋ ਦਹਾਕਿਆਂ ਬਾਅਦ ਵੀ ਪੰਜਾਬੀ ਸੰਗੀਤਕ ਸਫ਼ਾਂ ਵਿੱਚ ਜਿਓ ਦਾ ਤਿਓ ਕਾਇਮ ਹੈ, ਜਿਸ ਨੂੰ ਗਾਉਣ ਵਾਲੇ ਅਜ਼ੀਮ ਗਾਇਕ ਬੱਲੀ ਸੱਗੂ ਇੱਕ ਵਾਰ ਮੁੜ ਗਾਇਕੀ ਪਿੜ੍ਹ 'ਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ 20 ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਅਪਣੀ ਇਸ ਕਰਮਭੂਮੀ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ।
ਬਤੌਰ ਗਾਇਕ ਅਤੇ ਸੰਗੀਤਕਾਰ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਬੱਲੀ ਸੱਗੂ, ਜੋ 'ਮਾਨਸੂਨ ਵੈਡਿੰਗ' (2002), 'ਬੈਂਡ ਇਟ ਲਾਈਕ ਬੇਖਮ' (2003), 'ਇਟਸ ਏ ਵੈਂਡਰਫੁੱਲ ਆਫਟਰਲਾਈਫ' (2010) ਅਤੇ 'ਮਿਸਟ੍ਰੈਸ ਆਫ ਸਪਾਈਸਿਸ' (2005) ਵਰਗੀਆਂ ਬਿਹਤਰੀਨ ਹਿੰਦੀ ਫਿਲਮਾਂ ਲਈ ਸੰਗੀਤ ਨਿਰਮਾਤਾ ਵਜੋਂ ਵੀ ਕੰਮ ਕਰਨ ਦਾ ਮਾਣ ਅਪਣੀ ਝੋਲੀ ਪਾ ਚੁੱਕੇ ਹਨ।
ਸਾਲ 2006 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸੱਜਣਾ ਵੇ ਸੱਜਣਾ' ਨਾਲ ਅਦਾਕਾਰ ਦੇ ਰੂਪ ਵਿੱਚ ਵੀ ਉਹ ਪਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਸਨ, ਜਿੰਨ੍ਹਾਂ ਦੀ ਲੀਡ ਭੂਮਿਕਾ ਨਾਲ ਸਜੀ ਇਸ ਰੁਮਾਂਟਿਕ ਸੰਗੀਤਮਈ ਫਿਲਮ ਵਿੱਚ ਬਾਲੀਵੁੱਡ ਦੀ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਪ੍ਰੀਤੀ ਝਾਂਗਿਆਣੀ ਵੱਲੋਂ ਉਨ੍ਹਾਂ ਦੇ ਨਾਲ ਲੀਡਿੰਗ ਭੂਮਿਕਾ ਨਿਭਾਈ ਗਈ।