ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਨਾਲ-ਨਾਲ ਸਾਹਿਤ ਅਤੇ ਨਾਟ ਖਿੱਤੇ ਵਿੱਚ ਬਰਾਬਰਤਾ ਨਾਲ ਸਰਗਰਮ ਹਨ ਅਦਾਕਾਰ-ਲੇਖਕ-ਸਾਹਿਤਕਾਰ ਅਤੇ ਨਾਟਕਕਾਰ ਰਾਣਾ ਰਣਬੀਰ, ਜੋ ਅਪਣੀ ਹੱਥ ਲਿਖਤ ਪੁਸਤਕ ‘ਮੈਂ ਜ਼ਿੰਦਾਬਾਦ’ ਲੈ ਕੇ ਪਾਠਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਬਹੁਤ ਜਲਦ ਲੋਕ ਅਰਪਣ ਕੀਤਾ ਜਾ ਰਿਹਾ ਹੈ।
'ਚੇਤਨਾ ਪ੍ਰਕਾਸ਼ਨ' ਵੱਲੋਂ ਪਬਲਿਸ਼ ਕੀਤੀ ਗਈ ਉਕਤ ਪੁਸਤਕ ਸੰਬੰਧੀ ਮਨੀ ਵਲਵਲੇ ਸਾਂਝੇ ਕਰਦਿਆਂ ਰਾਣਾ ਰਣਬੀਰ ਆਖਦੇ ਹਨ ਕਿ ਜਿਵੇਂ ਮੇਰੀ ਪਿਛਲੀ ਪੁਸਤਕ 'ਜ਼ਿੰਦਗੀ ਜ਼ਿੰਦਾਬਾਦ' ਨੇ ਪਾਠਕਾਂ ਨੂੰ ਕਿਤਾਬਾਂ ਦੇ ਨਾਲ-ਨਾਲ ਜ਼ਿੰਦਗੀ ਨਾਲ ਵੀ ਸੋਹਣਾ ਜੋੜਿਆ, ਓਵੇਂ ਹੀ ਇਹ ਅਗਲੀ ਕਿਤਾਬ ‘ਮੈਂ ਜ਼ਿੰਦਾਬਾਦ’ ਵੀ ਤੁਹਾਡਾ ਅਪਣੇ ਆਪ ਨਾਲ ਪਿਆਰ ਪਵਾ ਕੇ ਤੁਹਾਨੂੰ ਖ਼ੁਦ ਦੀ ਪਹਿਚਾਣ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਉਨਾਂ ਅੱਗੇ ਦੱਸਿਆ ਕਿ ਖੁਸ਼ੀਆਂ ਦਾ ਆਨੰਦ ਮਾਣਨ ਦੀ ਪ੍ਰੇਰਨਾ ਦੇਂਦੀ ਇਹ ਕਿਤਾਬ ਵਿਚਲੀਆਂ ਕਵਿਤਾਵਾਂ ਅਤੇ ਵਾਰਤਕ ਹਰ ਇਨਸਾਨ ਵਿੱਚ ਇੱਕ ਨਵੀਂ ਊਰਜਾ ਦਾ ਵੀ ਸੰਚਾਰ ਕਰੇਗੀ। ਸਾਹਿਤਕ ਅਤੇ ਸਿਨੇਮਾ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ-ਬਿੰਦੂ ਬਣੀ ਇਸ ਪੁਸਤਕ ਸੰਬੰਧਤ ਹੋਰ ਵਿਸਥਾਰਕ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਕਾਸ਼ਨ ਵੱਲੋਂ 15 ਦਿਨ ਤੱਕ ਛਪ ਕੇ ਆ ਜਾਵੇਗੀ, ਜਿਸ ਤੋਂ ਬਾਅਦ ਇਸ ਨੂੰ ਸਾਹਿਤ ਪ੍ਰੇਮੀਆਂ ਦੇ ਸਨਮੁੱਖ ਕਰ ਦਿੱਤਾ ਜਾਵੇਗਾ।
ਹਾਲ ਹੀ ਵਿੱਚ ਦੁਨੀਆਂ ਭਰ ਵਿੱਚ ਮੰਚਿਤ ਕੀਤੇ ਆਪਣੇ ਨਾਟਕ 'ਮਾਸਟਰ ਜੀ' ਨੂੰ ਲੈ ਕੇ ਵੀ ਭਰਵੀਂ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਅਦਾਕਾਰ ਨਾਟਕ ਲੇਖਕ ਨਿਰਦੇਸ਼ਕ ਰਾਣਾ ਰਣਬੀਰ, ਜਿੰਨ੍ਹਾਂ ਦੇ ਅਮਰੀਕਾ, ਲੰਦਨ, ਆਸਟ੍ਰੇਲੀਆਂ ਵਿਖੇ ਹੋਏ ਸ਼ੋਅਜ਼ ਨੂੰ ਦਰਸ਼ਕਾਂ ਦਾ ਬਹੁਤ ਹੀ ਪਿਆਰ, ਸਨੇਹ ਅਤੇ ਨਿੱਘਾ ਰਿਸਪਾਂਸ ਮਿਲਿਆ ਹੈ, ਜਿਸ ਸੰਬੰਧਤ ਦਰਸ਼ਕ ਪ੍ਰਤੀਕਿਰਿਆ ਨੂੰ ਲੈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਰਾਣਾ ਰਣਬੀਰ ਅਨੁਸਾਰ ਜੇਕਰ ਅਪਣੀ ਸੰਘਰਸ਼ਮਈ ਪੜਾਅ ਸਮੇਂ ਵੱਲ ਝਾਤ ਮਾਰੀਏ ਤਾਂ ਥਿਏਟਰ ਹੀ ਪਹਿਲੀ ਅਜਿਹੀ ਕਰਮਭੂਮੀ ਰਹੀ ਹੈ, ਜਿੱਥੋਂ ਜ਼ਿੰਦਗੀ ਨੂੰ ਜਿਉਣ ਦੀ ਜਾਂਚ ਅਤੇ ਬਹੁਕਾਲਾਵਾਂ ਨੂੰ ਸੰਵਾਰਨ ਦਾ ਬਲ ਮਿਲਿਆ ਅਤੇ ਅਜਿਹੇ ਮੰਚ ਨਾਲ ਬਣੀ ਅਪਣੀ ਸਾਂਝ ਦੇ ਸਿਲਸਿਲੇ ਨੂੰ ਕਦੇ ਵੀ ਆਪਣੇ ਨਾਲੋਂ ਵੱਖ ਅਤੇ ਮਨਫੀ ਨਾ ਕਰਨ ਦੀ ਸੋਚ ਅਧੀਨ ਹੀ ਵਜੂਦ ਵਿੱਚ ਆਇਆ ਹੈ ਉਕਤ ਨਾਟਕ।
ਓਧਰ ਜੇਕਰ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਰਾਣਾ ਰਣਬੀਰ ਇੰਨੀਂ ਦਿਨੀਂ ਆਨ ਫਲੌਰ ਕਈ ਫਿਲਮਾਂ ਦਾ ਵੀ ਹਿੱਸਾ ਬਣੇ ਹੋਏ ਹਨ, ਜਿੰਨ੍ਹਾਂ ਦੀ 'ਜੱਟ ਐਂਡ ਜੂਲੀਅਟ 3' ਵੀ ਬਹੁਤ ਜਲਦ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜਿਸ ਵਿੱਚ ਕਾਫੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਬਿਹਤਰੀਨ ਅਦਾਕਾਰ।