ਚੰਡੀਗੜ੍ਹ:ਪੰਜਾਬੀ ਗਾਇਕ ਅਤੇ ਸ਼ਾਨਦਾਰ ਅਦਾਕਾਰ ਗਿੱਪੀ ਗਰੇਵਾਲ ਅੱਜ 2 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ ਜ਼ਿਲ੍ਹਾਂ ਲੁਧਿਅਣਾ ਸੰਬੰਧਤ ਇੱਕ ਛੋਟੇ ਜਿਹੇ ਪਿੰਡ ਕੂਮ ਕਲਾਂ ਤੋਂ ਉੱਠ ਕੇ ਵਿਸ਼ਵ ਪੱਧਰ ਉੱਪਰ ਅਪਣੀ ਲਾ-ਮਿਸਾਲ ਗਾਇਕੀ ਅਤੇ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਇਸ ਸ਼ਾਨਦਾਰ ਗਾਇਕ ਅਤੇ ਅਦਾਕਾਰ ਦੇ ਸੰਘਰਸ਼ ਤੋਂ ਸਫਲਤਾ ਤੱਕ ਦੇ ਇਸੇ ਸ਼ਾਨਮੱਤੇ ਸਫ਼ਰ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ:
ਪਹਿਲੇ ਗੀਤ ਨੇ ਚੜ੍ਹਾਈ ਕਿਸਮਤ ਦੀ ਗੁੱਡੀ
ਗਾਇਕ ਗਿੱਪੀ ਗਰੇਵਾਲ ਜਦੋਂ ਵੀ ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਹਨ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇਹ ਪੈਂਡਾ ਸੌਖਾ ਨਹੀਂ ਰਿਹਾ। ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਸੰਘਰਸ਼ ਦੇ ਦਿਨਾਂ ਵਿੱਚ ਲੋਕਾਂ ਦੇ ਵਾਹਨ ਵੀ ਧੋਤੇ ਸਨ। ਅਦਾਕਾਰ ਕਿਸੇ ਸਮੇਂ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਕੈਨੇਡਾ ਜਾ ਕੇ ਇੱਕ ਰੈਸਟੋਰੈਂਟ ਵਿੱਚ ਵੇਟਰ ਬਣ ਗਿਆ ਸੀ। ਇਸ ਤੋਂ ਬਾਅਦ ਉਹ ਭਾਰਤ ਪਰਤੇ ਅਤੇ ਕਾਫੀ ਸੰਘਰਸ਼ ਤੋਂ ਬਾਅਦ ਇਹ ਅਹੁਦਾ ਹਾਸਲ ਕੀਤਾ।
ਪੰਚਕੂਲਾ ਦੇ ਨਾਰਥ ਇੰਡੀਆ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਤੋਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕਰਨ ਵਾਲੇ ਗਿੱਪੀ ਗਰੇਵਾਲ ਅੱਜ ਬਤੌਰ ਗਾਇਕ, ਅਦਾਕਾਰ, ਨਿਰਮਾਤਾ, ਲੇਖਕ ਅਤੇ ਨਿਰਦੇਸ਼ਕ ਵਜੋਂ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦਾ ਇਸ ਮੁਕਾਮ ਤੱਕ ਪਹੁੰਚਣ ਦਾ ਪੈਂਡਾ ਏਨਾਂ ਸੁਖਾਲਾ ਨਹੀਂ ਰਿਹਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਨੌਕਰੀ ਨੂੰ ਲੰਮਾਂ ਸਮਾਂ ਅੰਜ਼ਾਮ ਦਿੰਦੇ ਰਹੇ ਇਸ ਹੋਣਹਾਰ ਗਾਇਕ ਦੀ ਕਿਸਮਤ ਨੇ ਉਸ ਸਮੇਂ ਕਰਵੱਟ ਬਦਲੀ, ਜੋ ਸਾਲ 2010 ਉਨ੍ਹਾਂ ਦਾ ਐਲਬਮ 'ਫੁਲਕਾਰੀ' ਸੰਗੀਤਕ ਮਾਰਕੀਟ ਵਿੱਚ ਜਾਰੀ ਹੋਇਆ, ਜਿਸ ਦੀ ਰਿਕਾਰਡ ਕਾਮਯਾਬੀ ਤੋਂ ਬਾਅਦ ਉਨ੍ਹਾਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ।
ਗਿੱਪੀ ਗਰੇਵਾਲ ਦੀਆਂ ਰਿਲੀਜ਼ ਹੋ ਚੁੱਕੀਆਂ ਐਲਬਮਜ਼
ਸਾਲ 2002 ਵਿੱਚ ਰਸਮੀ ਗਾਇਕੀ ਦੀ ਸ਼ੁਰੂਆਤ ਕਰਨ ਵਾਲੇ ਗਾਇਕ ਗਿੱਪੀ ਗਰੇਵਾਲ ਦੀ ਪਹਿਲੀ ਐਲਬਮ 'ਚੱਕ ਲੈ' ਰਹੀ, ਜਿਸ ਤੋਂ ਬਾਅਦ ਸਮੇਂ ਦਰ ਸਮੇਂ ਸਾਹਮਣੇ ਆਈਆਂ ਉਨ੍ਹਾਂ ਦੀਆਂ ਹੋਰਨਾਂ ਐਲਬਮਜ਼ 'ਚ 'ਨਸ਼ਾ', 'ਫੁਲਕਾਰੀ', 'ਫੁਲਕਾਰੀ 2', 'ਜਸਟ ਹਿੱਟਸ' ਅਤੇ 'ਗੈਂਗਸਟਰ' ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਦੀ ਕਾਮਯਾਬੀ ਨੇ ਉਨ੍ਹਾਂ ਨੂੰ ਇੱਕ ਸਟਾਰ ਗਾਇਕ ਵਜੋਂ ਪ੍ਰਵਾਨਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।