ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾ ਰਹੀ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਨਵਾਂ ਗਾਣਾ 'ਹੀਰ ਦੀ ਅੰਮੀ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਅੱਜ 02 ਮਈ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਕੀਤਾ ਗਿਆ ਹੈ।
'ਓਮ ਜੀ ਸਿਨੇ-ਵਰਲਡ' ਅਤੇ 'ਡਾਇਮੰਡ ਸਟਾਰ' ਵਰਲਡ ਵਾਈਡ ਦੇ ਬੈਨਰਜ਼ ਅਤੇ ਸੁਯੰਕਤ ਨਿਰਮਾਣ ਅਧੀਨ ਨਿਰਮਿਤ ਕੀਤੀ ਗਈ ਇਸ ਫਿਲਮ ਦੇ ਨਿਰਮਾਤਾ ਅੰਸ਼ੂ ਮੁਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਹਨ, ਜਦਕਿ ਨਿਰਦੇਸ਼ਨ ਮਨਵੀਰ ਬਰਾੜ ਵੱਲੋਂ ਕੀਤਾ ਗਿਆ ਹੈ, ਜੋ ਇਸ ਬਿੱਗ ਸੈਟਅੱਪ ਫਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਨਵੀਂ ਅਤੇ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਗੀਤਕਾਰ ਪ੍ਰੀਤ ਸੰਘਰੇੜੀ ਵੱਲੋਂ ਲਿਖੀ ਗਈ ਇਹ ਰੁਮਾਂਟਿਕ ਡਰਾਮਾ ਅਤੇ ਕਾਮੇਡੀ ਫਿਲਮ 24 ਮਈ ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ।
ਮੋਹਾਲੀ-ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਰਿਲੀਜ਼ ਹੋਏ ਉਕਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸਦੇ ਬੋਲ ਅਤੇ ਕੰਪੋਜੀਸ਼ਨ ਵੀ ਗੁਰਨਾਮ ਭੁੱਲਰ ਨੇ ਸਿਰਜੇ ਹਨ। ਪਿਆਰ ਅਤੇ ਸਨੇਹ ਭਰੇ ਜ਼ਜਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਫਿਲਮਾਂਕਣ ਵੀ ਬੇਹੱਦ ਖੂਬਸੂਰਤੀ ਨਾਲ ਕੀਤਾ ਗਿਆ ਹੈ, ਜੋ ਗੁਰਨਾਮ ਭੁੱਲਰ ਅਤੇ ਫਿਲਮ ਦੀਆਂ ਹੋਰ ਅਦਾਕਾਰਾਂ ਉਪਰ ਪਿਕਚਰਾਈਜ਼ ਕੀਤਾ ਗਿਆ ਹੈ।
ਇਸ ਵਰ੍ਹੇ ਦੇ ਅੱਧ ਪੜਾਅ ਅਧੀਨ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਇਸ ਫਿਲਮ ਸੰਬੰਧਤ ਜਾਣਕਾਰੀ ਸਾਂਝੀ ਕਰਦਿਆਂ ਲੇਖਕ ਪ੍ਰੀਤ ਸੰਘਰੇੜੀ ਨੇ ਦੱਸਿਆ ਕਿ ਮੇਨ ਸਟਰੀਮ ਕਮਰਸ਼ਿਅਲ ਸਾਂਚੇ ਅਧੀਨ ਬਣਾਈ ਗਈ ਇਸ ਫਿਲਮ ਨੂੰ ਕੰਟੈਂਟ-ਸਕਰੀਨ ਪਲੇਅ ਪੱਖੋਂ ਤਰੋ-ਤਾਜ਼ਗੀ ਭਰਿਆ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ, ਜਿਸ ਮੱਦੇਨਜ਼ਰ ਪੂਰੀ ਟੀਮ ਵੱਲੋਂ ਜੀਅ ਜਾਨ ਨਾਲ ਕੀਤੀ ਗਈ ਮਿਹਨਤ ਨੂੰ ਵੇਖਦਿਆਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਫਿਲਮ ਹਰ ਵਰਗ ਦਰਸ਼ਕਾਂ ਦੀ ਪਸੰਦ ਕਸਵੱਟੀ 'ਤੇ ਪੂਰੀ ਖਰੀ ਉਤਰੇਗੀ।
ਉਨਾਂ ਅੱਗੇ ਕਿਹਾ ਕਿ ਫਿਲਮ ਵਿੱਚ ਗੁਰਨਾਮ ਭੁੱਲਰ ਦਾ ਬਿਲਕੁਲ ਜੁਦਾ ਰੂਪ ਦਰਸ਼ਕਾਂ ਨੂੰ ਮਿਲੇਗਾ, ਜਿੰਨ੍ਹਾਂ ਵੱਲੋਂ ਨਿਭਾਈ ਭੂਮਿਕਾ ਇਸ ਫਿਲਮ ਦਾ ਖਾਸ ਆਕਰਸ਼ਨ ਵੀ ਕਹੀ ਜਾ ਸਕਦੀ ਹੈ। ਗੀਤਕਾਰ ਪ੍ਰੀਤ ਸੰਘਰੇੜੀ ਅਨੁਸਾਰ ਸਾਹਮਣੇ ਲਿਆਂਦਾ ਗਿਆ ਉਕਤ ਗਾਣਾ ਫਿਲਮ ਦਾ ਤੀਜਾ ਰਿਲੀਜ਼ ਗਾਣਾ ਹੈ, ਜਿਸ ਤੋਂ ਪਹਿਲਾਂ 'ਪਿਆਰ ਇਸ਼ਕ ਮੁਹੱਬਤ' ਅਤੇ 'ਸੋਹਣਾ ਗੱਭਰੂ ਗੁਲਾਬ ਵਰਗਾ' ਵੀ ਜਾਰੀ ਕੀਤੇ ਜਾ ਚੁੱਕੇ ਹਨ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।