ਪੰਜਾਬ

punjab

ਰਿਲੀਜ਼ ਲਈ ਤਿਆਰ ਹੈ 'ਨਾਨਕ ਨਾਮ ਜਹਾਜ਼ ਹੈ', ਲੀਡ ਭੂਮਿਕਾਵਾਂ 'ਚ ਨਜ਼ਰ ਆਉਣਗੇ ਇਹ ਚਿਹਰੇ

By ETV Bharat Entertainment Team

Published : Mar 11, 2024, 2:16 PM IST

Nanak Naam jahaz Hai: ਪਾਲੀਵੁੱਡ ਗਲਿਆਰੇ ਵਿੱਚ ਇਸੇ ਸਮੇਂ ਕਾਫੀ ਸਾਰੀਆਂ ਫਿਲਮਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਜਿਹਨਾਂ ਵਿੱਚ ਇੱਕ 'ਨਾਨਕ ਨਾਮ ਜਹਾਜ਼ ਹੈ' ਵੀ ਰਿਲੀਜ਼ ਲਈ ਤਿਆਰ ਹੈ, ਜੋ ਜਲਦ ਰਿਲੀਜ਼ ਕਰ ਦਿੱਤੀ ਜਾਵੇਗੀ।

nanak naam jahaz hai
nanak naam jahaz hai

ਚੰਡੀਗੜ੍ਹ: ਬੇਸਬਰੀ ਨਾਲ ਉਡੀਕੀ ਜਾ ਰਹੀ ਧਾਰਮਿਕ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼ ਹੈ' ਦੀ ਰਿਲੀਜ਼ ਮਿਤੀ ਦਾ ਆਖਰਕਾਰ ਐਲਾਨ ਕਰ ਦਿੱਤਾ ਗਿਆ ਹੈ, ਜੋ 24 ਮਈ 2024 ਨੂੰ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

'ਰਾਈਟ ਇਮੇਜ਼ ਇੰਟਰਨੈਸ਼ਨਲ' ਦੇ ਬੈਨਰ ਹੇਠ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਨਿਰਮਾਣ ਮਾਨ ਸਿੰਘ ਦੀਪ ਅਤੇ ਵੇਦਾਂਤ ਸਿੰਘ ਸਿੰਘ ਅਤੇ ਨਿਰਦੇਸ਼ਨ ਕਲਿਆਣੀ ਸਿੰਘ ਦੁਆਰਾ ਕੀਤਾ ਗਿਆ ਹੈ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਦਾਰਾ ਸਟੂਡਿਓ ਮੋਹਾਲੀ ਆਦਿ ਵਿਖੇ ਫਿਲਮਾਈ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਪਰਿਵਾਰਕ ਡਰਾਮਾ ਵਿੱਚ ਰਤਨ ਔਲਖ, ਸਰਦਾਰ ਸੋਹੀ, ਮੁਕੇਸ਼ ਰਿਸ਼ੀ, ਵਿੰਦੂ ਦਾਰਾ ਸਿੰਘ, ਯੁਵਰਾਜ ਸਿੰਘ ਔਲਖ, ਅਮਨ ਧਾਲੀਵਾਲ ਆਦਿ ਮਹੱਤਵਪੂਰਨ ਅਤੇ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।

ਸਾਲ 1969 ਵਿੱਚ ਰਿਲੀਜ਼ ਹੋਈ ਅਤੇ ਬਲਾਕ ਬਸਟਰ ਰਹੀ 'ਨਾਨਕ ਨਾਮ ਜਹਾਜ਼ ਹੈ' ਦੇ ਸੀਕਵਲ ਅਤੇ ਨਵੇਂ ਰੂਪ ਅਧੀਨ ਪੇਸ਼ ਕੀਤੀ ਜਾ ਰਹੀ ਹੈ ਉਕਤ ਫਿਲਮ ਨੂੰ ਬਿਹਤਰੀਨ ਤਕਨੀਕੀ ਸਿਰਜਣਾ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ, ਹਾਲਾਂਕਿ ਬਿੱਗ ਸੈਟਅੱਪ ਨਾਲ ਅੋਤ ਪੋਤ ਇਹ ਫਿਲਮ ਪਹਿਲੀ ਫਿਲਮ ਨਾਲੋਂ ਕਿੰਨੀ ਕੁ ਵਿਲੱਖਣਤਾ ਭਰਪੂਰ ਸਾਬਿਤ ਹੋ ਪਾਵੇਗੀ, ਇਸ ਦਾ ਪਤਾ ਤਾਂ ਫਿਲਮ ਦੀ ਰਿਲੀਜ਼ ਉਪਰੰਤ ਹੀ ਲੱਗੇਗਾ।

ਓਧਰ ਜੇਕਰ ਇਸ ਬਹੁ ਚਰਚਿਤ ਸੀਕਵਲ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਫਿਲਮ ਦੀ ਸਿਨੇਮਾਟੋਗ੍ਰਾਫ਼ਰੀ ਨਜ਼ੀਬ ਖਾਨ ਦੁਆਰਾ ਕੀਤੀ ਗਈ ਹੈ, ਜੋ ਬਾਲੀਵੁੱਡ ਦੇ ਬੇਸ਼ੁਮਾਰ ਵੱਡੀਆਂ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨਾਂ ਤੋਂ ਇਲਾਵਾ ਬੈਕਗਰਾਊਂਡ ਸਕੋਰਰ ਅਮਰ ਮੋਹਿਲੇ, ਸੰਪਾਦਕ ਸੰਜੇ ਸ਼ੁਕਲਾ ਅਤੇ ਐਕਸ਼ਨ ਨਿਰਦੇਸ਼ਕ ਅਬਾਸ ਵਾਲੀ ਮੁਘਾਲ ਹਨ।

ਇਸ ਸਾਲ ਦੀ ਪਹਿਲੀ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਈ ਗਈ ਧਾਰਮਿਕ ਫਿਲਮ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਇਸ ਫਿਲਮ ਵਿੱਚ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਦਿੱਗਜ ਐਕਟਰ ਰਤਨ ਔਲਖ ਵੀ ਕਾਫੀ ਅਹਿਮ ਅਤੇ ਸ਼ਾਨਦਾਰ ਰੋਲ ਪਲੇ ਕਰ ਰਹੇ ਹਨ।

ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਉਨਾਂ ਕਿਹਾ ਕਿ ਪੰਜਾਬੀ ਸਿਨੇਮਾ ਇਤਿਹਾਸ ਦਾ ਬੇਹੱਦ ਪ੍ਰਭਾਵੀ ਅਤੇ ਮਾਣਮੱਤਾ ਹਿੱਸਾ ਰਹੀ ਹੈ 'ਨਾਨਕ ਨਾਮ ਜਹਾਜ਼ ਹੈ', ਜਿਸ ਵਿੱਚ ਉਸ ਜ਼ਮਾਨੇ ਦੇ ਉੱਚ-ਕੋਟੀ ਬਾਲੀਵੁੱਡ ਐਕਟਰਜ ਪ੍ਰਿਥਵੀਰਾਜ ਕਪੂਰ, ਆਈ ਐਸ ਜੌਹਰ, ਡੇਵਿਡ ਅਬ੍ਰਾਹਮ, ਵਿੰਮੀ, ਸੋਮਦੱਤ, ਵੀਨਾ, ਸੁਰੇਸ਼ ਵੱਲੋ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਸਨ, ਜਿੰਨਾਂ ਦੀ ਉਮਦਾ ਅਦਾਕਾਰੀ ਨਾਲ ਅਮਰ ਹੋਈ ਉਕਤ ਫਿਲਮ ਦੇ ਨਵੇਂ ਭਾਗ ਦਾ ਹਿੱਸਾ ਬਣਨਾ ਮੇਰੇ ਸਮੇਤ ਇਸ ਫਿਲਮ ਵਿਚਲੇ ਸਾਰੇ ਕਲਾਕਾਰਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਰਹੀ ਹੈ।

ABOUT THE AUTHOR

...view details