ਫਰੀਦਕੋਟ: ਪੰਜਾਬੀ ਸਿਨੇਮਾਂ ਲਈ ਅਲੱਗ ਪੈਟਰਨ ਅਧੀਨ ਬਣਾਈ ਗਈ ਇੱਕ ਹੋਰ ਅਰਥ-ਭਰਪੂਰ ਪੰਜਾਬੀ ਫ਼ਿਲਮ 'ਦਿਲਾਂ ਦੇ ਸੌਦੇ' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਜਲਦ ਹੀ ਦੁਨੀਆ-ਭਰ ਵਿੱਚ ਰਿਲੀਜ਼ ਹੋਵੇਗੀ। ਸਿੰਧਰਾ ਮੂਵੀਜ਼ ਇੰਟਰਨੈਸ਼ਨਲ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ ਕਾਬਲਜੀਤ ਸਿੰਘ ਸੰਧੂ ਡੀਬੀਕੇ ਦੁਆਰਾ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਇੰਦੂ ਰਾਣੀ ਸਿੰਧਰਾ ਹਨ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਨੂੰ ਤੇਜਿੰਦਰ ਪੀ.ਐਸ ਸਿੰਧਰਾ ਵੱਲੋ ਅੰਜ਼ਾਮ ਦਿੱਤਾ ਗਿਆ ਹੈ।
ਯੂਨਾਈਟਿਡ ਕਿੰਗਡਮ ਦੀਆਂ ਲੋਕੋਸ਼ਨਾਂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਖੇ ਫਿਲਮਾਂਈ ਗਈ ਇਸ ਫ਼ਿਲਮ ਵਿੱਚ ਸ਼ਵਿੰਦਰ ਮਾਹਲ, ਮਲਕੀਤ ਰੌਣੀ, ਕਿਰਨਬੀਰ ਕੌਰ, ਪੂਜਾ ਰਾਜਪੂਤ ਸਮੇਤ ਪਾਲੀਵੁੱਡ ਅਤੇ ਲੰਦਨ ਦੇ ਕਈ ਨਾਮਵਰ ਅਤੇ ਉਭਰਦੇ ਕਲਾਕਾਰਾਂ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ। 'ਪਿਆਰ ਕਦੇ ਵੀ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ' ਦੀ ਟੈਗ-ਲਾਇਨ ਅਧੀਨ ਬਣਾਈ ਗਈ ਇਸ ਰੋਮਾਂਟਿਕ-ਸੰਗ਼ੀਤਮਈ ਅਤੇ ਪਰਿਵਾਰਿਕ ਡਰਾਮਾ ਫ਼ਿਲਮ ਵਿੱਚ ਆਪਸੀ ਰਿਸ਼ਤਿਆਂ ਵਿਚਕਾਰ ਟੁੱਟਦੇ ਅਤੇ ਜੁੜਦੇ ਸਮੀਕਰਨਾਂ ਦਾ ਵਰਣਨ ਬੇਹੱਦ ਭਾਵਪੂਰਨਤਾ ਨਾਲ ਕੀਤਾ ਗਿਆ ਹੈ।