ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਅਦਾਕਾਰ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਪ੍ਰਿੰਸ ਕੰਵਲਜੀਤ ਸਿੰਘ, ਜੋ ਸਾਹਮਣੇ ਆਉਣ ਜਾ ਰਹੀ ਪੀਰੀਅਡ ਫਿਲਮ 'ਅਕਾਲ' ਵਿੱਚ ਬਿਲਕੁਲ ਅਲਹਦਾ ਅਵਤਾਰ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਵੱਲੋਂ ਅੱਜ ਅਪਣੇ ਇਸ ਨਵੇਂ ਲੁੱਕ ਦੀ ਝਲਕ ਰਿਵੀਲ ਕਰ ਦਿੱਤੀ ਗਈ ਹੈ, ਲੁੱਕ ਦੇਖਣ ਤੋਂ ਪਤਾ ਲੱਗਦਾ ਹੈ ਕਿ ਅਦਾਕਾਰ ਕਿਸੇ ਇੱਕ ਅੱਖੋਂ ਅੰਨ੍ਹੇ ਵਿਅਕਤੀ ਦੀ ਭੂਮਿਕਾ ਨਿਭਾ ਰਿਹਾ ਹੈ।
'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਬਣਾਈ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਮਲਟੀ-ਸਟਾਰਰ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮੀਤਾ ਵਸ਼ਿਸ਼ਠ, ਸ਼ਿੰਦਾ ਗਰੇਵਾਲ, ਏਕਮ ਗਰੇਵਾਲ, ਹਰਿੰਦਰ ਭੁੱਲਰ, ਜੱਗੀ ਸਿੰਘ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਗਲਿਆਰਿਆਂ ਤੱਕ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਵਿੱਚ ਬੇਹੱਦ ਪ੍ਰਭਾਵਪੂਰਨ ਭੂਮਿਕਾ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ ਬਹੁਪੱਖੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜਿੰਨ੍ਹਾਂ ਵੱਲੋਂ 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਬਾਅਦ ਇੱਕ ਵਾਰ ਫਿਰ ਅਪਣੀ ਮੌਜੂਦਾ ਗ੍ਰੇ ਸ਼ੇਡ ਇਮੇਜ਼ ਤੋਂ ਬਿਲਕੁਲ ਅਲੱਗ ਜਾਂਦਿਆਂ ਸਿੱਖਇਜ਼ਮ ਦੀ ਤਰਜ਼ਮਾਨੀ ਕਰਦੇ ਰੋਲ ਨੂੰ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ।
ਸਾਲ 2023 ਵਿੱਚ ਰਿਲੀਜ਼ ਹੋਈਆਂ ਗਿੱਪੀ ਗਰੇਵਾਲ ਦੀਆਂ ਤਿੰਨ ਸੁਪਰ ਡੁਪਰ ਹਿੱਟ ਫਿਲਮਾਂ 'ਵਾਰਨਿੰਗ 2', 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਅਰਦਾਸ ਸਰਬੱਤ ਦੇ ਭਲੇ' ਦੀ ਦਾ ਪ੍ਰਭਾਵੀ ਹਿੱਸਾ ਰਹੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਦੀ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਹੋਮ ਪ੍ਰੋਡੋਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਜ਼' ਨਾਲ ਇਹ ਬੈਕ-ਟੂ-ਬੈਕ ਚੌਥੀ ਅਤੇ ਇਸ ਸਾਲ ਦੀ ਪਹਿਲੀ ਫਿਲਮ ਹੋਵੇਗੀ, ਜਿਸ ਵਿੱਚ ਅਪਣੀ ਭੂਮਿਕਾ ਨੂੰ ਲੈ ਕੇ ਉਹ ਅੱਜਕੱਲ੍ਹ ਖਾਸੇ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: