ਚੰਡੀਗੜ੍ਹ:ਬਾਲੀਵੁੱਡ ਗਲਿਆਰਿਆਂ ਵਿੱਚ ਚਰਚਿਤ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਅਦਾਕਾਰ ਕਬੀਰ, ਜਿੰਨ੍ਹਾਂ ਨੂੰ ਹਿੱਟ 'ਹੌਰਰ ਫਰੈਂਚਾਇਜ਼ੀ' ਅਤੇ ਇੰਨੀਂ-ਦਿਨੀਂ ਨਿਰਮਾਣ ਅਧੀਨ 'ਭੂਲ ਭੁਲਈਆ 3' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਬਹੁ-ਚਰਚਿਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਪਲੇ ਕਰਦੇ ਨਜ਼ਰੀ ਪੈਣਗੇ।
'ਟੀ ਸੀਰੀਜ਼' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਹੌਰਰ-ਕਾਮੇਡੀ-ਡਰਾਮਾ ਫਿਲਮ ਵਿੱਚ ਕਾਰਤਿਕ ਆਰੀਅਨ, ਤ੍ਰਿਪਤੀ ਡਿਮਰੀ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਹਿੰਦੀ ਸਿਨੇਮਾ ਨਾਲ ਜੁੜੇ ਕਈ ਹੋਰ ਮੰਨੇ-ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰ ਅਦਾ ਕਰ ਰਹੇ ਹਨ।
ਸਾਲ 2007 ਵਿੱਚ ਆਈ 'ਭੂਲ ਭੁਲਈਆ' ਅਤੇ 2022 ਵਿੱਚ ਸਾਹਮਣੇ ਆਈ 'ਭੂਲ ਭੁਲਈਆ 2' ਦੇ ਸੀਕਵਲ ਦੇ ਤੌਰ 'ਤੇ ਸਾਹਮਣੇ ਆ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅਨੀਸ਼ ਬਜ਼ਮੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਫਿਲਮਾਂ ਨਾਲ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਜੁੜੇ ਰਹੇ ਹਨ।
ਇਸੇ ਸਾਲ ਦੇ ਅੰਤ ਵਿੱਚ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਨੂੰ ਲੈ ਕੇ ਅਦਾਕਾਰ ਕਬੀਰ ਬੇਹੱਦ ਖੁਸ਼ ਅਤੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ। ਐਡ ਫਿਲਮਜ਼ ਅਤੇ ਇਨਡੋਰਸਮੈਂਟ ਦੇ ਖੇਤਰ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਕਬੀਰ, ਜੋ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਵੀ ਆਪਣੀ ਸਫਲ ਮੌਜੂਦਗੀ ਦਾ ਇਜ਼ਹਾਰ ਕਈ ਵਾਰ ਕਰਵਾ ਚੁੱਕੇ ਹਨ।
ਪੜਾਅ-ਦਰ-ਪੜਾਅ ਕਈ ਹੋਰ ਮਾਣਮੱਤੀਆਂ ਪ੍ਰਾਪਤੀਆਂ ਆਪਣੀ ਝੋਲੀ ਪਾਉਂਦੇ ਜਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਆਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਜਲਦ ਹੀ ਉਹ ਕੁਝ ਹੋਰ ਵੱਡੀਆਂ ਵੈੱਬ-ਸੀਰੀਜ਼ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਵਿੱਚ ਵੀ ਉਹ ਕਾਫ਼ੀ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ।