ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਇੱਕ ਚਰਚਿਤ ਨਾਂਅ ਬਣ ਉਭਰ ਰਹੇ ਹਨ ਗਾਇਕ ਅਰਜਨ ਢਿੱਲੋਂ, ਜਿੰਨ੍ਹਾਂ ਦੇ ਹਾਲੀਆ ਗਾਣੇ 'ਸੜਕਾਂ ਤੇ ਇਓ ਫਿਰਦੇ' ਦੀ ਅਪਾਰ ਕਾਮਯਾਬੀ ਨੇ ਉਨ੍ਹਾਂ ਨੂੰ ਚੋਟੀ ਦੇ ਗਾਇਕਾ ਵਿੱਚ ਲਿਆ ਖੜਾ ਕੀਤਾ ਹੈ। ਪੰਜਾਬੀ ਸੰਗੀਤ ਜਗਤ ਦੇ ਇਹ ਸ਼ਾਨਦਾਰ ਗਾਇਕ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ।
ਗਾਇਕੀ ਸਫਾਂ 'ਚ 2017 ਵਿੱਚ ਬਤੌਰ ਗੀਤਕਾਰ ਵਜੋਂ ਅਪਣੇ ਸੰਗੀਤਕ ਸਫ਼ਰ ਦਾ ਅਗਾਜ਼ ਕਰਨ ਵਾਲੇ ਇਸ ਬਾਕਮਾਲ ਗਾਇਕ ਗੀਤਕਾਰ ਅਤੇ ਰੈਪਰ ਵਜੋਂ ਵੀ ਚੌਖੀ ਭੱਲ ਕਾਇਮ ਕਰ ਚੁੱਕੇ ਹਨ, ਜਿੰਨ੍ਹਾਂ ਦੀ ਸਥਾਪਤੀ ਦਾ ਮੁੱਢ ਬੰਨਣ ਵਿੱਚ ਸਾਲ 2020 ਨੂੰ ਰਿਲੀਜ਼ ਹੋਏ ਉਨ੍ਹਾਂ ਦੇ ਸਿੰਗਲ ਟਰੈਕ "ਬਾਈ ਬਾਈ" ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੂੰ ਮਿਲੀ ਅਪਾਰ ਮਕਬੂਲੀਅਤ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਪੰਜਾਬੀ ਗਾਇਕੀ ਦੇ ਖੇਤਰ ਵਿੱਚ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜ ਰਹੇ ਢਿੱਲੋਂ ਦੇ ਕਰੀਅਰ ਨੂੰ ਮਜ਼ਬੂਤੀ ਦੇਣ ਵਿੱਚ ਸਾਲ 2020 ਵਿੱਚ ਰਿਲੀਜ਼ ਹੋਏ ਉਸ ਦੇ ਪਹਿਲੇ ਈਪੀ "ਦਿ ਫਿਊਚਰ" ਅਤੇ ਨਵੰਬਰ 2021 ਨੂੰ ਸਾਹਮਣੇ ਆਏ ਸਟੂਡੀਓ ਐਲਬਮ "ਆਵਾਰਾ" ਦਾ ਵੀ ਖਾਸਾ ਯੋਗਦਾਨ ਰਿਹਾ, ਜਿੰਨ੍ਹਾਂ ਦੀ ਸਫ਼ਲਤਾ ਨੇ ਉਨ੍ਹਾਂ ਨੂੰ ਮੋਹਰੀ ਕਤਾਰ ਗਾਇਕਾ ਵਿੱਚ ਲਿਆ ਖੜਾ ਕੀਤਾ।