Punjabi Singer Gurnam Bhullar New Song: ਪੰਜਾਬੀ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਧਾਂਕ ਜਮਾਉਣ 'ਚ ਸਫ਼ਲ ਰਹੇ ਹਨ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ, ਜੋ ਅਪਣਾ ਨਵਾਂ ਟ੍ਰੈਕ 'ਸ਼ੌਂਕੀਨੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਅਧੀਨ ਸੱਜਿਆ ਇਹ ਗਾਣਾ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾਵੇਗਾ।
ਡਾਇਮੰਡ ਸਟਾਰ ਵਰਲਡ-ਵਾਈਡ ਵੱਲੋਂ ਵੱਡੇ ਪੱਧਰ ਉਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਵੀ ਗੁਰਨਾਮ ਦੁਆਰਾ ਖੁਦ ਅੰਜ਼ਾਮ ਦਿੱਤੀ ਗਈ ਹੈ, ਜਦਕਿ ਕਿ ਇਸ ਦੀ ਸ਼ਬਦ ਰਚਨਾ ਕਪਤਾਨ ਦੀ ਹੈ ਅਤੇ ਸੰਗੀਤ ਦੇਸੀ ਕਰਿਊ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਕਬੱਧ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਪਿਆਰ ਅਤੇ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਉਕਤ ਖੂਬਸੂਰਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਰਿਹਾ ਹੈ, ਜਿਸ ਦੀ ਨਿਰਦੇਸ਼ਨਾਂ ਜੋਸ਼ਨ ਸੰਦੀਪ ਦੁਆਰਾ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਗੁਰਨਾਮ ਭੁੱਲਰ ਦੇ ਸੁਪਰ ਹਿੱਟ ਰਹੇ ਮਿਊਜ਼ਿਕ ਵੀਡੀਓ 'ਡਾਇਮੰਡ ਕੋਕਾ' ਅਤੇ 'ਪਹਿਲੀ ਮੁਲਾਕਾਤ' ਨੂੰ ਪ੍ਰਭਾਵੀ ਰੂਪ ਦੇਣ ਅਤੇ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।