ਚੰਡੀਗੜ੍ਹ: ਪੰਜਾਬੀ ਫਿਲਮਾਂ ਦੀ ਲੋਕਪ੍ਰਿਅਤਾ ਸਿਰਫ਼ ਦੇਸ਼ ਤੱਕ ਸੀਮਤ ਨਹੀਂ ਹੈ। ਪੰਜਾਬੀ ਫਿਲਮਾਂ ਵਿਦੇਸ਼ਾਂ ਵਿੱਚ ਵੀ ਬਹੁਤ ਦੇਖੀਆਂ ਅਤੇ ਪਸੰਦ ਕੀਤੀਆਂ ਜਾਂਦੀਆਂ ਹਨ। ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਇਹ ਫਿਲਮਾਂ ਹੁਣ ਖੇਤਰੀ ਨਹੀਂ ਰਹੀਆਂ ਹਨ। ਇਹਨਾਂ ਫਿਲਮਾਂ ਦੀ ਪਹੁੰਚ ਕਾਫੀ ਵੱਧ ਗਈ ਹੈ ਜਿਸ ਕਾਰਨ ਇਸ ਦਾ ਅਸਰ ਉਨ੍ਹਾਂ ਦੇ ਬਾਕਸ ਆਫਿਸ 'ਤੇ ਨਜ਼ਰ ਆ ਰਿਹਾ ਹੈ।
ਇਸੇ ਤਰ੍ਹਾਂ ਹਾਲ ਹੀ ਵਿੱਚ ਰਿਲੀਜ਼ ਹੋਈ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫਿਲਮ 'ਸ਼ਾਯਰ' ਨੇ ਅਜਿਹਾ ਹੀ ਕਮਾਲ ਕੀਤਾ ਹੈ। ਫਿਲਮ ਨੇ ਪਹਿਲੇ ਦਿਨ ਦੁਨੀਆ ਭਰ 'ਚ 1.29 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਇਸ ਫਿਲਮ 'ਤੇ ਟਿਕੀਆਂ ਹੋਈਆਂ ਹਨ। ਫਿਲਮ ਪ੍ਰਤੀ ਲੋਕਾਂ ਦੇ ਕਾਫੀ ਚੰਗੇ ਰਿਵੀਊਜ਼ ਆ ਰਹੇ ਹਨ। ਲੋਕ ਫਿਲਮ ਨੂੰ ਕਾਫੀ ਪਿਆਰ ਦੇ ਰਹੇ ਹਨ।
ਇਸ ਦੌਰਾਨ ਜੇਕਰ ਭਾਰਤੀ ਬਾਕਸ ਉਤੇ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 35 ਲੱਖ, ਦੂਜੇ ਦਿਨ 43 ਲੱਖ ਅਤੇ ਤੀਜੇ ਦਿਨ 67 ਲੱਖ ਰੁਪਏ ਕਮਾਏ ਹਨ, ਹਾਲਾਂਕਿ ਇਹ ਕਲੈਕਸ਼ਨ ਸੈਕਨਿਲਕ ਦੇ ਅਨੁਸਾਰ ਹੈ।
ਇਸਦੇ ਨਾਲ ਹੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ 'ਲਵ ਸੈਕਸ ਔਰ ਧੋਖਾ 2' ਨੇ ਹੁਣ ਤੱਕ ਕੁੱਲ 79 ਲੱਖ ਰੁਪਏ ਦੀ ਕਮਾਈ ਕੀਤੀ ਹੈ। ਪਹਿਲੇ ਦਿਨ ਦੀ ਓਪਨਿੰਗ ਦੀ ਗੱਲ ਕਰੀਏ ਤਾਂ 'ਲਵ ਸੈਕਸ ਔਰ ਧੋਖਾ 2' ਨੇ ਸਿਰਫ 15 ਲੱਖ ਰੁਪਏ ਦੀ ਕਮਾਈ ਕੀਤੀ ਸੀ। ਜੇਕਰ ਵਿਦਿਆ ਬਾਲਨ ਦੀ 'ਦੋ ਔਰ ਦੋ ਪਿਆਰ' ਦੀ ਗੱਲ ਕਰੀਏ ਤਾਂ ਇਸ ਦੀ ਹਾਲਤ ਏਕਤਾ ਕਪੂਰ ਦੀ ਐਲਐਸਡੀ 2 ਤੋਂ ਥੋੜ੍ਹੀ ਬਿਹਤਰ ਹੈ। ਦੋ ਔਰ ਦੋ ਪਿਆਰ ਨੇ ਚਾਰ ਦਿਨਾਂ ਵਿੱਚ 2.61 ਕਰੋੜ ਰੁਪਏ ਇਕੱਠੇ ਕਰ ਲਏ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਦੀ ਇਹ ਫਿਲਮ ਸਾਰੀਆਂ ਫਿਲਮਾਂ ਉਤੇ ਭਾਰੀ ਪੈ ਰਹੀ ਹੈ।
"ਨੀਰੂ ਬਾਜਵਾ ਐਂਟਰਟੇਨਮੈਂਟ" ਦੇ ਬੈਨਰ ਹੇਠ ਸੰਤੋਸ਼ ਸੁਭਾਸ਼ ਥੇਟੇ ਦੁਆਰਾ ਨਿਰਮਿਤ ਇਹ ਫਿਲਮ ਆਪਣੀ ਆਕਰਸ਼ਕ ਕਹਾਣੀ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਲੁਭਾ ਰਹੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ, ਨੀਰੂ ਬਾਜਵਾ, ਦੇਬੀ ਮਖਸੂਸਪੁਰੀ, ਅੰਮ੍ਰਿਤ ਅੰਬੀ, ਯੋਗਰਾਜ ਸਿੰਘ, ਮਲਕੀਤ ਰੌਣੀ, ਸੁਖਵਿੰਦਰ ਚਾਹਲ ਵਰਗੇ ਸ਼ਾਨਦਾਰ ਕਲਾਕਾਰ ਹਨ।