ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਹੇ ਸਨ ਮਰਹੂਮ ਗਾਇਕ-ਗੀਤਕਾਰ ਅਤੇ ਅਦਾਕਾਰ ਰਾਜ ਬਰਾੜ, ਜਿੰਨਾਂ ਦੇ ਅਦਾਕਾਰੀ ਖਿੱਤੇ ਵਿੱਚ ਮੌਜੂਦਗੀ ਖਲਾਅ ਨੂੰ ਮੁੜ ਭਰਨ ਦੀ ਕਵਾਇਦ ਵਿੱਚ ਜੁੱਟ ਚੁੱਕੀ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਬਿੰਦੂ ਬਰਾੜ, ਜਿੰਨਾਂ ਨੂੰ ਆਉਣ ਵਾਲੀ ਪੰਜਾਬੀ ਫਿਲਮ 'ਦਿ ਬਰਨਿੰਗ ਪੰਜਾਬ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਅਰਥ-ਭਰਪੂਰ ਫਿਲਮ ਵਿੱਚ ਕਾਫੀ ਮਹੱਤਵਪੂਰਨ ਰੋਲ ਅਦਾ ਕਰਦੇ ਵਿਖਾਏ ਦੇਣਗੇ।
ਸਾਲ 2008 ਵਿੱਚ ਆਈ ਆਪਣੀ ਸ਼ੁਰੂਆਤੀ ਹਿੱਟ ਐਲਬਮ 'ਦਿ ਬਰਥ' ਨਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਇੱਕ ਅਜਿਹੇ ਧਰੂ ਤਾਰੇ ਵਾਂਗ ਸਾਹਮਣੇ ਆਏ ਸਨ ਗਾਇਕ ਅਤੇ ਗੀਤਕਾਰ ਮਰਹੂਮ ਰਾਜ ਬਰਾੜ, ਜਿੰਨਾਂ ਦੀ ਬੇਇੰਤਹਾਸ਼ਾ ਰੌਸ਼ਨੀ ਨੇ ਉਸ ਸਮੇਂ ਦੇ ਵੱਡੇ-ਵੱਡੇ ਮੰਨੇ ਜਾਂਦੇ ਗਾਇਕਾ ਦੀ ਚਮਕ ਨੂੰ ਵੀ ਮੱਧਮ ਕਰ ਦਿੱਤਾ ਸੀ।
ਪੰਜਾਬੀ ਸੰਗੀਤ ਖੇਤਰ ਵਿੱਚ ਲੰਮਾ ਸਮਾਂ ਆਪਣੀ ਧਾਂਕ ਜਮਾਉਣ ਵਿੱਚ ਸਫ਼ਲ ਰਹੇ ਇਸ ਬਿਹਤਰੀਨ ਫਨਕਾਰ ਨੇ 2010 ਵਿੱਚ ਰਿਲੀਜ਼ ਹੋਈ ਅਪਣੀ ਬਹੁ-ਚਰਚਿਤ ਅਤੇ ਪਲੇਠੀ ਫਿਲਮ 'ਜਵਾਨੀ ਜ਼ਿੰਦਾਬਾਦ' ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੀ ਅਹਿਸਾਸ ਬਾਖੂਬੀ ਕਰਵਾਇਆ। ਆਪਣੀ ਮੌਤ ਤੋਂ ਪਹਿਲਾਂ ਹੀ ਉਨਾਂ ਫਿਲਮ 'ਆਮ ਆਦਮੀ' ਦੀ ਸ਼ੂਟਿੰਗ ਵੀ ਪੂਰੀ ਕੀਤੀ ਸੀ, ਜੋ ਕਿ 2018 ਵਿੱਚ ਰਿਲੀਜ਼ ਹੋਈ ਸੀ ਅਤੇ ਉਨਾਂ ਦੀ ਆਖਰੀ ਫਿਲਮ ਵੀ ਸਾਬਿਤ ਹੋਈ।
ਮੂਲ ਰੂਪ ਵਿੱਚ ਜ਼ਿਲਾ ਮੋਗਾ ਦੇ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਮੱਲਕੇ ਨਾਲ ਸੰਬੰਧਤ ਰਹੇ ਇਹ ਉਮਦਾ ਗਾਇਕ, ਗੀਤਕਾਰ ਅਤੇ ਗਾਇਕ 31 ਦਸੰਬਰ 2016 ਨੂੰ 44 ਸਾਲ ਦੀ ਉਮਰ ਵਿੱਚ ਆਪਣੇ ਲੱਖਾਂ ਪ੍ਰਸ਼ੰਸਕਾਂ ਨੂੰ ਅਲਵਿਦਾ ਆਖ ਗਏ, ਜਿੰਨਾਂ ਦੇ ਵਜ਼ੂਦ ਨੂੰ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਜਿਉਂਦਿਆਂ ਰੱਖਣ ਲਈ ਉਨਾਂ ਦੀ ਪਤਨੀ ਬਿੰਦੂ ਬਰਾੜ ਅਪਣੀ ਹੋਣਹਾਰ ਬੇਟੀ ਸਵਿਤਾਜ ਬਰਾੜ ਸਮੇਤ ਲਗਾਤਾਰ ਸਰਗਰਮ ਅਤੇ ਯਤਨਸ਼ੀਲ ਹਨ, ਜਿਸ ਸੰਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਉਨਾਂ ਦੀ ਉਕਤ ਪਹਿਲੀ ਫਿਲਮ, ਜੋ ਉਨਾਂ ਲਈ ਸਿਨੇਮਾ ਖੇਤਰ ਵਿੱਚ ਹੋਰ ਰਾਹਾਂ ਖੋਲਣ ਦਾ ਵੀ ਸਬੱਬ ਬਣਨ ਜਾ ਰਹੀ ਹੈ।
'ਮਨੀ ਬੋਪਾਰਾਏ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਸਮਾਜਿਕ ਫਿਲਮ ਦਾ ਨਿਰਦੇਸ਼ਨ ਵਿਕਟਰ ਯੋਗਰਾਜ ਸਿੰਘ ਅਤੇ ਟਾਈਗਰ ਹਰਮੀਕ ਸਿੰਘ ਕਰ ਰਹੇ ਹਨ, ਜਿੰਨਾਂ ਦੀ ਸੁਯੰਕਤ ਨਿਰਦੇਸ਼ਨਾਂ ਹੇਠ ਬਣ ਰਹੀ ਇਸ ਅਰਥ-ਭਰਪੂਰ ਫਿਲਮ ਵਿੱਚ ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਮਹਾਂਵੀਰ ਭੁੱਲਰ, ਨੀਨਾ ਬੁਦੇਲ, ਸਿਮਰਨ ਸਹਿਜਪਾਲ, ਹਰਜੀਤ ਵਾਲੀਆ, ਚਰਨਜੀਤ ਸੰਧੂ, ਗਗਨ ਸੰਘੇੜਾ, ਅਮਰਿੰਦਰ ਬੋਬੀ, ਨੇਹਾ ਸ਼ਰਮਾ, ਲਖਬੀਰ ਸਿੰਘ ਗਿੱਲ, ਸੈਂਡੀ ਕਲਿਆਣ, ਸਿਮੀ ਰਾਏ, ਕਾਨ ਮੁਖਰਜੀ, ਅਲਕਾ ਰਿਸ਼ੀ, ਸਿਮਰਪਾਲ ਸਿੰਘ, ਸੰਨੀ ਗਰੇਵਾਲ ਆਦਿ ਜਿਹੇ ਜਿਹੇ ਮੰਨੇ ਪ੍ਰਮੁੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ।