ਰੋਜ਼ ਰੋਜ਼ੀ ਤੇ ਗੁਲਾਬ ਦਾ ਪਬਲਿਕ ਰਿਵੀਊ (ETV BHARAT) ਚੰਡੀਗੜ੍ਹ:ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਜਿਸ ਨੂੰ ਭਾਰਤ-ਭਰ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 'ਓਮ ਜੀ ਸਿਨੇ ਵਰਲਡ' ਅਤੇ 'ਡਾਇਮੰਡਸਟਾਰ ਵਰਲਡ ਵਾਈਡ' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਰੁਮਾਂਟਿਕ ਡਰਾਮਾ ਫਿਲਮ ਦਾ ਨਿਰਮਾਣ ਆਸ਼ੂ ਮੁਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਦੁਆਰਾ ਕੀਤਾ ਗਿਆ ਹੈ।
ਪਾਲੀਵੁੱਡ ਦੀ ਬਿੱਗ ਸੈਟਅੱਪ ਫਿਲਮ ਵਜੋਂ ਸਾਹਮਣੇ ਲਿਆਂਦੀ ਗਈ ਉਕਤ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਮਨਵੀਰ ਬਰਾੜ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਨਿਰਦੇਸ਼ਕ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਵੱਲ ਵੱਧ ਚੁੱਕੇ ਹਨ।
ਪੰਜਾਬੀ ਗੀਤਕਾਰੀ ਦੇ ਖਿੱਤੇ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਪ੍ਰੀਤ ਸੰਘਰੇੜੀ ਵੱਲੋਂ ਲਿਖੀ ਗਈ ਇਸ ਖੂਬਸੂਰਤ ਫਿਲਮ ਵਿੱਚ ਗੁਰਨਾਮ ਭੁੱਲਰ, ਮਾਹੀ ਸ਼ਰਮਾ ਅਤੇ ਪ੍ਰਾਂਜਲ ਦਾਹੀਆ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।
ਇੰਨ੍ਹਾਂ ਤੋਂ ਇਲਾਵਾ ਹਾਰਬੀ ਸੰਘਾ, ਅੰਮ੍ਰਿਤ ਅੰਬੀ, ਸ਼ਰਨ ਟੋਕਰਾ, ਨਸੀਮ ਵਿੱਕੀ ਅਤੇ ਅਨੀਤਾ ਸ਼ਬਦੀਸ਼ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ। ਪੰਜਾਬ ਦੇ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਅਨੁਮਾਨਤ ਬਜਟ 7 ਕਰੋੜ ਰਿਹਾ, ਜਿਸ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਭਾਰਤ ਵਿੱਚ ਲਗਭਗ 0.31 ਕਰੋੜ ਰੁਪਏ ਦੀ ਕਮਾਈ ਕੀਤੀ, ਹਾਲਾਂਕਿ ਦੂਜੇ ਦਿਨ ਬਾਕਸ ਆਫਿਸ ਉਤੇ ਕੁਝ ਠੰਡੀ ਰਹੀ ਇਸ ਫਿਲਮ ਦੇ ਕਾਰੋਬਾਰ ਵਿੱਚ ਐਤਵਾਰ ਤੱਕ ਇਜਾਫਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜਿਸ ਦਾ ਇੱਕ ਅਹਿਮ ਕਾਰਨ ਇਸ ਫਿਲਮ ਨੂੰ ਚਾਰੇ-ਪਾਸੇ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਦਾ ਮਿਲ ਰਿਹਾ ਪੌਜੀਟਿਵ ਰਿਸਪਾਂਸ ਅਤੇ ਮਾਊਥ ਪਬਲੀਸਿਟੀ ਨੂੰ ਵੀ ਮੰਨਿਆ ਜਾ ਸਕਦਾ ਹੈ।
ਹਾਲ ਹੀ ਰਿਲੀਜ਼ ਹੋਈਆਂ ਅਪਣੀਆਂ ਕਈ ਫਿਲਮਾਂ ਦੀ ਅਸਫਲਤਾ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਗਾਇਕ-ਅਦਾਕਾਰ ਗੁਰਨਾਮ ਭੁੱਲਰ ਵੀ ਅਪਣੀ ਉਕਤ ਫਿਲਮ ਨੂੰ ਲੈ ਕੇ ਕਾਫ਼ੀ ਆਸਵੰਦ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੇ ਆਗਾਮੀ ਕਰੀਅਰ ਨੂੰ ਨਿਰਣਾਇਕ ਮੋੜ ਦੇਣ ਵਿੱਚ ਵੀ ਇਹ ਫਿਲਮ ਅਹਿਮ ਭੂਮਿਕਾ ਨਿਭਾਵੇਗੀ।