ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ-ਗਾਇਕ ਗਿੱਪੀ ਗਰੇਵਾਲ ਇਸ ਸਮੇਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਨਵੀਂ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੇ ਟਾਈਟਲ ਟਰੈਕ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਜਲਦ ਹੀ ਫਿਲਮ ਦਾ ਟਾਈਟਲ ਟਰੈਕ ਪ੍ਰਸ਼ੰਸਕਾਂ ਦੇ ਸਨਮੁੱਖ ਹੋਵੇਗਾ।
ਇਸ ਸਭ ਦੇ ਵਿਚਕਾਰ ਹੁਣ ਗਾਇਕ-ਅਦਾਕਾਰ ਆਪਣੀ ਦੋਸਤੀ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ ਹਾਲ ਹੀ ਵਿੱਚ ਗਾਇਕ ਦੇ ਦੋਸਤ ਅਤੇ 'ਹੰਬਲ ਮੋਸ਼ਨ ਪਿਕਚਰਜ਼' ਦੇ ਪ੍ਰੋਡਿਊਸਰ ਭਾਨਾ ਲਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਸ ਦੇ ਦੋਸਤ-ਅਦਾਕਾਰ ਗਿੱਪੀ ਗਰੇਵਾਲ ਨੇ ਉਸ ਨੂੰ ਇੱਕ ਗੱਡੀ ਤੋਹਫ਼ੇ ਵਿੱਚ ਦਿੱਤੀ ਹੈ।
ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਲਾਟਰੀ ਕੱਲੀ ਪੈਸਿਆਂ ਦੀ ਨਹੀਂ ਹੁੰਦੀ, ਚੰਗੇ ਇਨਸਾਨਾਂ ਦਾ ਮਿਲਣਾ ਵੀ ਕਿਸੇ ਲਾਟਰੀ ਤੋਂ ਘੱਟ ਨਹੀਂ, ਧੰਨਵਾਦ ਗਿੱਪੀ ਗਰੇਵਾਲ ਬਾਈ, ਇਸ ਤੋਹਫੇ ਲਈ।' ਹੁਣ ਜਦੋਂ ਤੋਂ ਭਾਨਾ ਲਾ ਨੇ ਇਸ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਉਦੋਂ ਤੋਂ ਪ੍ਰਸ਼ੰਸਕ ਪਿਆਰੇ-ਪਿਆਰੇ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਦੋਸਤੀ ਤਾਂ ਇਸ ਨੂੰ ਕਹਿੰਦੇ ਹਨ।' ਇਸ ਤੋਂ ਇਲਾਵਾ ਹੋਰ ਪ੍ਰਸ਼ੰਸਕਾਂ ਨੇ ਭਾਨਾ ਲਾ ਨੂੰ ਵਧਾਈ ਸੰਦੇਸ਼ ਦਿੱਤੇ ਹਨ। ਜੇਕਰ ਇਸ MBW ਦੀ ਕੀਮਤ ਦੀ ਗੱਲ ਕਰੀਏ ਤਾਂ ਔਨਲਾਈਨ ਇਸ ਦੀ ਕੀਮਤ ਲਗਭਗ 50 ਲੱਖ ਹੈ।
ਇਸ ਦੌਰਾਨ ਜੇਕਰ ਗਾਇਕ ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਇਸ ਸਮੇਂ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੇ ਹਨ। ਇਹ ਫਿਲਮ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਗਾਇਕ-ਅਦਾਕਾਰ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵਿੱਚ ਨਜ਼ਰੀ ਆਏ ਸਨ। ਇਸ ਤੋਂ ਇਲਾਵਾ 'ਕੈਰੀ ਆਨ ਜੱਟੀਏ' ਅਤੇ 'ਸਰਬਾਲ੍ਹਾ ਜੀ' ਨਾਲ ਵੀ ਅਦਾਕਾਰ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ।