ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਨੂੰ ਸੱਭਿਅਕ ਸੰਗੀਤ ਨਾਲ ਲਗਾਤਾਰ ਅੋਤ ਪੋਤ ਕਰਨ ਵਿੱਚ ਮੋਹਰੀ ਕਤਾਰ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਲੋਕ-ਗਾਇਕ ਗਿੱਲ ਹਰਦੀਪ, ਜੋ ਗੁਆਚਦੇ ਜਾ ਰਹੇ ਪੁਰਾਤਨ ਰੰਗਾਂ ਨੂੰ ਆਪਣੇ ਨਵੇਂ ਗਾਣੇ 'ਇੱਕ ਪਾਸੜ ਪਿਆਰ' ਨਾਲ ਇੱਕ ਵਾਰ ਮੁੜ ਜੀਵੰਤ ਕਰਨ ਜਾ ਰਹੇ ਹਾਂ, ਜਿੰਨਾਂ ਦਾ ਪਿਆਰ-ਸਨੇਹ ਭਰੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਇਹ ਅਰਥ ਭਰਪੂਰ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
ਪੰਜਾਬ ਅਤੇ ਪੰਜਾਬੀਅਤ ਨੂੰ ਅਪਣੀ ਮਿਆਰੀ ਗਾਇਕੀ ਦੁਆਰਾ ਦੇਸ਼ ਹੀ ਨਹੀਂ, ਬਲਕਿ ਵਿਦੇਸ਼ਾਂ ਵਿੱਚ ਵੀ ਪ੍ਰਫੁੱਲਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਗਾਇਕ ਗਿੱਲ ਹਰਦੀਪ, ਜਿੰਨਾਂ ਅਨੁਸਾਰ ਉਨਾਂ ਦੇ ਰਿਲੀਜ਼ ਹੋਣ ਜਾ ਰਹੇ ਇਸ ਅਰਥ-ਭਰਪੂਰ ਗਾਣੇ ਦੇ ਬੋਲ ਜਤਿੰਦਰ ਧੂੜਕੋਟ ਨੇ ਲਿਖੇ ਹਨ, ਜਦਕਿ ਇਸ ਦਾ ਮਿਊਜ਼ਿਕ ਵੀਡੀਓ ਜੈਸੀ ਧਨੋਆ ਨੇ ਬਹੁਤ ਹੀ ਖੂਬਸੂਰਤੀ ਨਾਲ ਤਿਆਰ ਕੀਤਾ ਹੈ, ਜਿਸ ਵਿੱਚ ਅਸਲ ਜੜਾਂ ਦੀ ਤਸਵੀਰ ਪੇਸ਼ ਕਰਦੇ ਠੇਠ ਦੇਸੀ ਰੰਗਾਂ ਨੂੰ ਬੇਹੱਦ ਪ੍ਰਭਾਵੀ ਰੂਪ ਵਿੱਚ ਪ੍ਰਤੀਬਿੰਬ ਕੀਤਾ ਗਿਆ ਹੈ।
ਮੂਲ ਰੂਪ ਵਿੱਚ ਮਾਲਵੇ ਦੇ ਜਿਲ੍ਹਾਂ ਮੋਗਾ ਨਾਲ ਸੰਬੰਧਤ ਅਤੇ ਅੱਜਕੱਲ੍ਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਅਧੀਨ ਆਉਂਦੇ ਐਬਸਫੌਰਡ ਵਿਖੇ ਵਸੇਂਦਾ ਰੱਖਦੇ ਹਨ ਇਹ ਅਜ਼ੀਮ ਗਾਇਕ, ਜਿੰਨਾਂ ਦੇ ਹੁਣ ਤੱਕ ਦੇ ਗਾਇਕੀ ਕਰੀਅਰ ਵੱਲ ਝਾਤ ਮਾਰੀਏ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨਾਂ ਹਮੇਸ਼ਾ ਅਜਿਹੇ ਬਿਹਤਰੀਨ ਅਤੇ ਉਮਦਾ ਗਾਇਨ ਨੂੰ ਤਰਜ਼ੀਹਤ ਦਿੱਤੀ ਹੈ, ਜਿਸ ਦੁਆਰਾ ਨੌਜਵਾਨ ਪੀੜੀ ਨੂੰ ਜਿੱਥੇ ਉਨਾਂ ਦੀਆਂ ਅਸਲ ਜੜਾਂ ਅਤੇ ਸਾਂਝਾ ਨਾਲ ਜੋੜਿਆ ਜਾ ਸਕੇ, ਉਥੇ ਟੁੱਟਦੇ ਅਤੇ ਤਿੜਕਦੇ ਜਾ ਰਹੇ ਆਪਸੀ ਰਿਸ਼ਤਿਆਂ ਨੂੰ ਵੀ ਮੁੜ ਸੁਰਜੀਤੀ ਦਿੱਤੀ ਜਾ ਸਕੇ।
ਵਤਨੀ ਮਿੱਟੀ ਦੀ ਖੁਸ਼ਬੋ ਨੂੰ ਸੱਤ ਸੁਮੰਦਰ ਪਾਰ ਤੱਕ ਬਿਖੇਰਦੇ ਆ ਰਹੇ ਇਸ ਸ਼ਾਨਦਾਰ ਗਾਇਕ ਦੇ ਸਾਹਮਣੇ ਆਏ ਮੋਹ ਭਿੱਜੇ ਅਤੇ ਸੱਭਿਅਕ ਗਾਣਿਆਂ ਵੱਲ ਝਾਤ ਮਾਰੀਏ ਤਾਂ ਇੰਨਾਂ ਵਿੱਚ 'ਕੀ ਦੱਸੀਏ', 'ਮਾਣ', 'ਧਰਤੀ ਹਵਾ ਅਤੇ ਪਾਣੀ', 'ਅਪਣਾ ਪੰਜਾਬ ਹੋਵੇ', 'ਕੈਨੇਡਾ', 'ਜਿੰਦਗੀ', 'ਗਿੱਧਾ', 'ਪੁੱਤ ਘਰਾਣੇ ਦੇ', 'ਗਿੱਧਾ', 'ਪੰਜਾਬੀਏ', 'ਪਿੰਡਾਂ ਵਾਲੇ ਜੱਟ', 'ਟਾਹਲੀ ਵਾਲਾ ਖੇਤ', 'ਮਿਰਜ਼ਾ', 'ਪੁੱਤ ਪੰਜਾਬ ਦਿਓ', 'ਗੁਲਾਬ ਕੌਰ', 'ਵਤਨ', 'ਬੰਦਾ ਸਿੰਘ ਬਹਾਦਰ', ਉੱਠ ਪੰਜਾਬ ਸਿਆਂ' ਆਦਿ ਸ਼ੁਮਾਰ ਰਹੇ ਹਨ।
ਉਕਤ ਗੀਤ ਨਾਲ ਸੰਗੀਤਕ ਖੇਤਰ ਵਿੱਚ ਹੋਰ ਨਵੇਂ ਅਯਾਮ ਸਿਰਜਣ ਵੱਲ ਵਧੇ ਗਾਇਕ ਗਿੱਲ ਹਰਦੀਪ ਦੱਸਦੇ ਹਨ ਕਿ ਉਨਾਂ ਦਾ ਇਹ ਨਵਾਂ ਗਾਣਾ ਬਹੁਤ ਹੀ ਸੰਗੀਤਕ ਮਿਹਨਤ-ਰਿਆਜ਼ ਅਧੀਨ ਪੇਸ਼ ਕੀਤਾ ਜਾ ਰਿਹਾ ਹੈ, ਜੋ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਦੀ ਪਸੰਦ ਕਸਵੱਟੀ 'ਤੇ ਪੂਰਨ ਖਰਾ ਉਤਰੇਗਾ।