ਚੰਡੀਗੜ੍ਹ:ਦੁਨੀਆਂ ਭਰ ਵਿੱਚ ਕੱਲ੍ਹ ਸਨੇਹ ਪੂਰਵਕ ਮਨਾਏ ਗਏ ਮਾਂ ਦਿਵਸ ਨੂੰ ਸਮਰਪਿਤ ਕਰਦਿਆਂ ਪੰਜਾਬੀ ਫਿਲਮ ਦਾ 'ਬੇਬੇ' ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਗੁਰਜਿੰਦ ਮਾਨ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਬਤੌਰ ਫਿਲਮਕਾਰ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵਧਣਗੇ।
'ਖਰੌੜ ਫਿਲਮਜ਼' ਅਤੇ 'ਫਰੂਟ ਚਾਟ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦੇ ਨਿਰਮਾਤਾ ਡਿੰਪਲ ਖਰੌੜ, ਅਭੈਦੀਪ ਸਿੰਘ ਮੁਟੀ ਅਤੇ ਸਹਿ ਨਿਰਮਾਣਕਾਰ ਗੁਰਕਿਰਤਨ ਹਨ।
ਰਾਜਸਥਾਨ ਦੇ ਸ਼੍ਰੀ ਗੰਗਾਨਗਰ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਮਹਾਂਵੀਰ ਭੁੱਲਰ, ਡੋਲੀ ਮੱਟੂ, ਰੋਜ਼ ਜੇ ਕੌਰ, ਅਨੀਤਾ ਮੀਤ, ਰਾਜ ਧਾਲੀਵਾਲ, ਪ੍ਰਕਾਸ਼ ਗਾਧੂ, ਨੀਟੂ ਪੰਧੇਰ, ਇਕਤਾਰ ਸਿੰਘ ਅਤੇ ਹਰਵੇਲ ਬਰਾੜ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ।
ਸਾਲ 2022 ਵਿੱਚ ਸਾਹਮਣੇ ਆਈ ਨਵਨੀਅਤ ਸਿੰਘ ਨਿਰਦੇਸ਼ਿਤ ਬਹੁ-ਚਰਚਿਤ ਪੰਜਾਬੀ ਫਿਲਮ 'ਸ਼ਰੀਕ 2' ਅਤੇ ਬੀਤੇ ਵਰ੍ਹੇ 2023 ਵਿੱਚ ਰਿਲੀਜ਼ ਹੋਈ ਅਤੇ ਵਕੀਲ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਫਿਲਮ 'ਤੂੰ ਹੋਵੇ ਮੈਂ ਹੋਵਾਂ' ਵਿੱਚ ਮੁੱਖ ਭੂਮਿਕਾਵਾਂ ਵਿੱਚ ਵਿਖਾਈ ਦਿੱਤੇ ਸਨ ਅਦਾਕਾਰ ਜਿੰਮੀ ਸ਼ੇਰਗਿੱਲ, ਜੋ ਜਿੱਥੇ ਲੰਮੇਂ ਅੰਤਰਾਲ ਬਾਅਦ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਜਾ ਰਹੇ ਹਨ, ਉਥੇ ਅਦਾਕਾਰਾ ਸਿੰਮੀ ਚਾਹਲ ਨਾਲ ਵੀ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰੀ ਪੈਣਗੇ।
ਓਧਰ ਜੇਕਰ ਉਕਤ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਗੁਰਜਿੰਦ ਮਾਨ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਫਿਲਮੀ ਸਫ਼ਰ ਦਾ ਅਗਾਜ਼ ਬਤੌਰ ਅਦਾਕਾਰ ਕੀਤਾ, ਜਿਸ ਦੌਰਾਨ ਉਨ੍ਹਾਂ ਕਈ ਚਰਚਿਤ ਫਿਲਮਾਂ ਵਿੱਚ ਲੀਡਿੰਗ ਕਿਰਦਾਰ ਅਦਾ ਕੀਤੇ, ਜਿੰਨ੍ਹਾਂ ਵਿੱਚ 'ਪੰਜਾਬ ਸਿੰਘ', 'ਵਨਸ ਅਪਾਨ ਟਾਈਮ ਇਨ ਅੰਮ੍ਰਿਤਸਰ' ਅਤੇ ਲਘੂ ਫਿਲਮ 'ਵੰਡ' ਆਦਿ ਸ਼ੁਮਾਰ ਰਹੀਆਂ ਹਨ।
ਬਾਲੀਵੁੱਡ ਵਿੱਚ ਲੰਮੇਰਾ ਸੰਘਰਸ਼ ਪੈਂਡਾ ਹੰਢਾ ਚੁੱਕੇ ਅਦਾਕਾਰ ਅਤੇ ਲੇਖਕ ਗੁਰਜਿੰਦ ਮਾਨ ਦੀ ਬਤੌਰ ਲੇਖਕ ਲਿਖੀ ਅਤੇ ਸਾਲ 2021 ਵਿੱਚ ਰਿਲੀਜ਼ ਹੋਈ ਫਿਲਮ 'ਯਾਰ ਅਣਮੁੱਲੇ' ਰਿਟਰਨਜ਼ ਉਨ੍ਹਾਂ ਦੇ ਕਰੀਅਰ ਲਈ ਇੱਕ ਅਹਿਮ ਟਰਨਿੰਗ ਪੁਆਇੰਟ ਸਾਬਿਤ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।