ਚੰਡੀਗੜ੍ਹ:ਪੰਜਾਬੀ ਸੰਗੀਤ ਖਿੱਤੇ ਵਿੱਚ ਨਿਵੇਕਲੀਆਂ ਪੈੜ੍ਹਾਂ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਫਿਰੋਜ਼ ਖਾਨ, ਜੋ ਜਲਦ ਹੀ ਯੂਕੇ ਵਿਖੇ ਅਪਣੀ ਸ਼ਾਨਦਾਰ ਗਾਇਕੀ ਦੀਆਂ ਧਮਾਲਾਂ ਪਾਉਣ ਜਾ ਰਹੇ ਹਨ ਅਤੇ ਇਸੇ ਮੱਦੇਨਜ਼ਰ ਅਪਣੇ ਕੁਝ ਸਹਿਯੋਗੀ ਗਾਇਕਾ ਸਮੇਤ ਉਹ ਅੱਜ ਯੂਕੇ ਲਈ ਰਵਾਨਾ ਹੋ ਗਏ ਹਨ।
ਲੰਦਨ ਵੱਲ ਰਵਾਨਗੀ ਭਰਨ ਵਾਲੇ ਉਕਤ ਟੀਮ ਮੈਬਰਾਂ 'ਚ ਮਾਸ਼ਾ ਅਲੀ, ਜਯੋਤੀ ਅਤੇ ਨੂਰਾਂ ਸੁਲਤਾਨਾਂ ਆਦਿ ਵੀ ਸ਼ੁਮਾਰ ਰਹੇ, ਜੋ ਉੱਥੋ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਵੇਂ ਸਾਲ ਦੇ ਜਸ਼ਨਾਂ ਸਮਾਰੋਹਾਂ ਵਿੱਚ ਇਕੱਠਿਆਂ ਪ੍ਰੋਫਾਰਮ ਕਰਨਗੇ, ਜਿੰਨ੍ਹਾਂ ਸਭਨਾਂ ਦੇ ਸੁਯੰਕਤ ਰੂਪ ਵਿੱਚ ਹੋਣ ਵਾਲੇ ਇਹ ਪਹਿਲੇ ਵੱਡੇ ਕੰਸਰਟ ਹੋਣਗੇ, ਜਿਸ ਨੂੰ ਲੈ ਕੇ ਇੰਨਾਂ ਸਾਰੇ ਬਾਕਮਾਲ ਫਨਕਾਰਾਂ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਕਤ ਸ਼ੋਅਜ਼ ਨੂੰ ਲੈ ਕੇ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਫਿਰੋਜ਼ ਖਾਨ ਨੇ ਦੱਸਿਆ ਕਿ 2025 ਨੂੰ ਖੁਸ਼ਆਮਦੀਦ ਕਹਿਣ ਲਈ ਆਯੋਜਿਤ ਕਰਵਾਏ ਜਾ ਰਹੇ ਇੰਨ੍ਹਾਂ ਸਮਾਰੋਹਾਂ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਮੱਦੇਨਜ਼ਰ ਜੋ ਸਭ ਤੋਂ ਵੱਡੇ ਕੰਸਰਟ ਉਲੀਕੇ ਗਏ ਹਨ, ਉਨ੍ਹਾਂ ਵਿੱਚ 29 ਦਸੰਬਰ ਅਤੇ 04 ਜਨਵਰੀ ਦੇ ਗ੍ਰੈਂਡ ਸ਼ੋਅਜ਼ ਸ਼ਾਮਿਲ ਹਨ, ਜੋ ਯੂਨਾਈਟਡ ਕਿੰਗਡਮ ਦੇ ਵੱਡੇ ਪੰਜਾਬੀ ਲਾਈਵ ਸਮਾਰੋਹਾਂ ਵਜੋਂ ਸਾਹਮਣੇ ਆਉਣ ਜਾ ਰਹੇ ਹਨ।