ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਈ 'ਸੰਗਰਾਂਦ' ਜਿਹੀ ਅਰਥ-ਭਰਪੂਰ ਅਤੇ ਬਿਹਤਰੀਨ ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਲੇਖਕ ਅਤੇ ਨਿਰਦੇਸ਼ਕ ਇੰਦਰ ਵੱਲੋਂ ਅਪਣੀ ਪਹਿਲੀ ਹਿੰਦੀ ਅਤੇ ਹਰਿਆਣਵੀ ਡਾਇਰੈਕਟੋਰੀਅਲ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਗੈਵੀ ਚਾਹਲ ਅਤੇ ਸੋਨੀਆ ਮਾਨ ਲੀਡ ਭੂਮਿਕਾ ਅਦਾ ਕਰਨ ਜਾ ਰਹੇ ਹਨ।
'ਆਈਪੀਐਸ ਪ੍ਰੋਡੋਕਸ਼ਨ' ਦੇ ਬੈਨਰ ਹੇਠ ਅਤੇ 'ਪੀਬੀ ਫਿਲਮਜ਼' ਅਤੇ 'ਗੈਵੀ ਚਾਲ ਫਿਲਮਜ਼' ਦੀ ਇਨਹਾਊਸ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫੀਚਰ ਫਿਲਮ ਨੂੰ ਹਰਿਆਣਵੀ ਅਤੇ ਹਿੰਦੀ ਦੋਨਾਂ ਭਾਸ਼ਾਵਾਂ ਵਿੱਚ ਨਾਲੋਂ-ਨਾਲ ਸ਼ੂਟ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਸ਼ੂਟਿੰਗ ਪਟਿਆਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।
ਕਮਰਸ਼ੀਅਲ ਸਿਨੇਮਾ ਪੈਟਰਨ ਤੋਂ ਬਿਲਕੁੱਲ ਅਲਹਦਾ ਹੱਟ ਕੇ ਬਣਾਈ ਜਾ ਰਹੀ ਹੈ ਇਸ ਸਮਾਜਿਕ-ਥ੍ਰਿਲਰ-ਡਰਾਮਾ ਫਿਲਮ ਦਾ ਪਹਿਲਾਂ ਅਤੇ ਲੰਮਾ ਸ਼ੂਟਿੰਗ ਸ਼ੈਡਿਊਲ ਪਟਿਆਲਾ ਦੇ ਰਜਿੰਦਰਾ ਕਾਲਜ, ਬਾਰਾਦਾਰੀ ਅਤੇ ਉਥੋਂ ਦੇ ਹੀ ਹੋਰ ਅਹਿਮ ਸਥਾਨਾਂ ਉਤੇ ਪੂਰਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਕੁਝ ਹਿੱਸਾ ਉੱਤਰਾਖੰਡ ਵਿਖੇ ਵੀ ਪੂਰਾ ਕੀਤਾ ਜਾਵੇਗਾ।
ਉੱਚ ਪੱਧਰੀ ਸਿਨੇਮਾ ਮਾਪਦੰਢਾਂ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਹੋਰ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਇੰਦਰ ਨੇ ਦੱਸਿਆ ਕਿ ਮਨ ਨੂੰ ਛੂਹ ਲੈਣ ਵਾਲੇ ਕਹਾਣੀ-ਸਾਰ ਅਧਾਰਿਤ ਇਸ ਫਿਲਮ ਵਿੱਚ ਥੀਏਟਰ ਜਗਤ ਦੇ ਮੰਝੇ ਹੋਏ ਐਕਟਰ ਪ੍ਰਾਣ ਸੱਭਰਵਾਲ ਵੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ, ਜੋ ਲੰਮੇਂ ਸਮੇਂ ਬਾਅਦ ਸਿਨੇਮਾ ਖੇਤਰ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ।
ਪੰਜਾਬੀ ਸਿਨੇਮਾ ਲਈ ਬਣੀਆਂ ਕਈ ਚਰਚਿਤ ਫਿਲਮਾਂ ਦਾ ਲੇਖਨ ਕਰ ਚੁੱਕੇ ਇੰਦਰਪਾਲ ਸਿੰਘ ਨਿਰਦੇਸ਼ਕ ਦੇ ਤੌਰ ਉਤੇ ਵੀ ਪੜਾਅ-ਦਰ-ਪੜਾਅ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿਸ ਦਾ ਹੀ ਇੱਕ ਵਾਰ ਫਿਰ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਉਕਤ ਨਵੀਂ ਡਾਇਰੈਕਟੋਰੀਅਲ ਫਿਲਮ, ਜਿਸ ਵਿੱਚ ਪਾਲੀਵੁੱਡ ਅਤੇ ਰੰਗਮੰਚ ਦੇ ਕਈ ਹੋਰ ਪ੍ਰਤਿਭਾਵਾਨ ਚਿਹਰੇ ਵੀ ਅਹਿਮ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਮੂਲ ਰੂਪ ਵਿੱਚ ਰਜਵਾੜਾਸ਼ਾਹੀ ਜ਼ਿਲੇ ਪਟਿਆਲਾ ਨਾਲ ਸੰਬੰਧਿਤ ਲੇਖਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਹ ਤੀਜੀ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ ਦੇਵ ਖਰੌੜ ਸਟਾਰਰ 'ਜਖ਼ਮੀ' ਤੋਂ ਇਲਾਵਾ 'ਸੰਗਰਾਂਦ' ਦਾ ਵੀ ਸਫਲਤਾਪੂਰਵਕ ਨਿਰਦੇਸ਼ਨ ਕਰ ਚੁੱਕੇ ਹਨ।