ਚੰਡੀਗੜ੍ਹ:ਟੀਵੀ ਇੰਡਸਟਰੀ ਹੋਵੇ ਜਾਂ ਫਿਰ ਪੰਜਾਬੀ ਸਿਨੇਮਾ ਦਾ ਖੇਤਰ, ਦੋਨਾਂ ਹੀ ਖਿੱਤਿਆਂ ਵਿੱਚ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ ਰਾਜੀਵ ਠਾਕੁਰ, ਜੋ ਅਪਣਾ ਪਹਿਲਾਂ ਸੋਲੋ ਕਾਮੇਡੀ ਸ਼ੋਅ '90 ਦੇ ਦਹਾਕੇ ਵਾਲਾ ਬੰਦਾ' ਲੈ ਕੇ ਦਰਸ਼ਕਾਂ ਸਨਮੁੱਖ ਦੇ ਹੋਣ ਜਾ ਰਹੇ ਹਨ, ਜਿਸ ਦਾ ਵਿਸ਼ਾਲ ਅਤੇ ਗ੍ਰੈਂਡ ਆਯੋਜਨ ਦਿੱਲੀ ਵਿਖੇ ਹੋਣ ਜਾ ਰਿਹਾ ਹੈ।
ਸ਼ਾਹ ਆਡੀਟੋਰੀਅਮ, ਸਿਵਲ ਲਾਈਨਜ਼, ਦਿੱਲੀ ਵਿਖੇ 30 ਜੂਨ ਨੂੰ ਸ਼ਾਮ 7 ਵਜੇ ਆਯੋਜਿਤ ਕੀਤੇ ਜਾ ਰਹੇ ਇਸ ਕਾਮੇਡੀ ਸ਼ੋਅ ਵਿੱਚ ਵੱਡੀ ਗਿਣਤੀ ਦਰਸ਼ਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਉਕਤ ਸੰਬੰਧੀ ਹੀ ਜਾਣਕਾਰੀ ਸਾਂਝੀ ਕਰਦਿਆਂ ਅਦਾਕਾਰ ਰਾਜੀਵ ਠਾਕੁਰ ਨੇ ਦੱਸਿਆ ਕਿ ਬੀਤੇ ਦਿਨੀਂ ਮੁੰਬਈ ਵਿਖੇ ਸੁਪਰ ਸਫਲਤਾਪੂਰਵਕ ਪ੍ਰਦਰਸ਼ਨ ਤੋਂ ਬਾਅਦ ਰਾਜਧਾਨੀ ਵਿਖੇ ਸੰਪੰਨ ਹੋਣ ਜਾ ਰਿਹਾ ਇਸ ਸ਼ੋਅ ਦਾ ਇਹ ਦੂਸਰਾ ਅਹਿਮ ਪੜਾਅ ਹੋਵੇਗਾ, ਜਿਸ ਉਪਰੰਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਨੈੱਟਫਲਿਕਸ ਉਪਰ ਸਟ੍ਰੀਮ ਹੋ ਰਹੇ ਦਾ ਕਪਿਲ ਸ਼ਰਮਾ ਸ਼ੋਅ ਤੋਂ ਇਲਾਵਾ ਕਈ ਛੋਟੇ ਅਤੇ ਵੱਡੇ ਪਰਦੇ ਦੇ ਕਈ ਹੋਰਨਾਂ ਪ੍ਰੋਜੈਕਟਸ ਵਿੱਚ ਵੀ ਇੰਨੀਂ ਦਿਨੀਂ ਕਾਫ਼ੀ ਵਿਅਸਤ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਉਕਤ ਸ਼ੋਅ ਦੀ ਥੀਮ ਸੰਬੰਧੀ ਵਿਸਥਾਰਕ ਗੱਲਬਾਤ ਕਰਦਿਆਂ ਦੱਸਿਆ ਕਿ 90 ਦਾ ਦਹਾਕਾ ਹਰ ਖੇਤਰ ਚਾਹੇ ਉਹ ਫਿਲਮੀ ਜਾਂ ਗੈਰ-ਫਿਲਮੀ ਅਜੋਕੇ ਯੁੱਗ ਪੱਖੋਂ ਕਾਫ਼ੀ ਵਖਰੇਵੇਂ ਭਰਿਆ ਰਿਹਾ ਹੈ, ਜਿਸ ਸਮੇਂ ਦੌਰਾਨ ਦੇ ਇਨਸਾਨੀ ਰਹਿਣ-ਸਹਿਣ ਅਤੇ ਜ਼ਿੰਦਗੀ ਨੂੰ ਬਹੁਤ ਹੀ ਦਿਲਚਸਪ ਅਤੇ ਹਾਸ ਭਰਪੂਰ ਰੂਪ ਵਿੱਚ ਪ੍ਰਤੀਬਿੰਬ ਕਰਨ ਦੀ ਕੋਸ਼ਿਸ਼ ਉਨ੍ਹਾਂ ਵੱਲੋਂ ਉਕਤ ਸ਼ੋਅ ਦੇ ਮਾਧਿਅਮ ਨਾਲ ਕੀਤੀ ਗਈ ਹੈ, ਜੋ ਹਰ ਵਰਗ ਦਰਸ਼ਕਾਂ ਦੀ ਪਸੰਦ ਕਸਵੱਟੀ ਉਤੇ ਪੂਰਾ ਖਰਾ ਉਤਰੇਗਾ।
ਹਾਲ ਹੀ ਦੇ ਦਿਨਾਂ ਵਿੱਚ ਸ਼ੁਰੂ ਹੋਈ ਪੰਜਾਬੀ ਫਿਲਮ 'ਜੁਆਇੰਟ ਪੇਨ ਫੈਮਲੀ' ਦਾ ਵੀ ਪ੍ਰਭਾਵੀ ਹਿੱਸਾ ਬਣਾਏ ਗਏ ਹਨ ਅਦਾਕਾਰ ਰਾਜੀਵ ਠਾਕੁਰ, ਜੋ ਆਨ ਫਲੋਰ ਜਾ ਚੁੱਕੀ ਇਸ ਫਿਲਮ ਵਿੱਚ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜਿੰਨ੍ਹਾਂ ਦੀ ਬਤੌਰ ਹੀਰੋ ਇਸ ਪਹਿਲੀ ਫਿਲਮ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਕਰ ਰਹੇ ਹਨ।
ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾਂ ਜਲੰਧਰ ਅਦਾਕਾਰ ਰਾਜੀਵ ਠਾਕੁਰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੁਰੂਆਤੀ ਅਤੇ ਕਰੀਬੀ ਸਾਥੀਆਂ ਵਿੱਚੋਂ ਇੱਕ ਹਨ, ਜੋ ਟੈਲੀਵਿਜ਼ਨ ਦੇ ਬੇਸ਼ੁਮਾਰ ਸ਼ੋਅਜ਼ ਵਿੱਚ ਆਪਣੀ ਨਾਯਾਬ ਅਭਿਨੈ ਕਲਾ ਦਾ ਪ੍ਰਗਟਾਵਾ ਦਰਸ਼ਕਾਂ ਨੂੰ ਕਰਵਾ ਚੁੱਕੇ ਹਨ।