ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮੁੰਡਾ ਸਾਊਥਾਲ ਦਾ' ਨਾਲ ਪਾਲੀਵੁੱਡ 'ਚ ਬਤੌਰ ਅਦਾਕਾਰ ਸ਼ਾਨਦਾਰ ਪਹਿਚਾਣ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਰਮਾਨ ਬੇਦਿਲ, ਜੋ ਆਪਣੀ ਨਵੀਂ ਫਿਲਮ 'ਅੱਲ੍ਹੜ ਵਰੇਸ' ਦੁਆਰਾ ਇੱਕ ਵਾਰ ਫਿਰ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਇੱਕ ਹੋਰ ਬਹੁ-ਚਰਚਿਤ ਫਿਲਮ ਦੀ ਨਵੀਂ ਝਲਕ ਜਾਰੀ ਕਰ ਦਿੱਤੀ ਗਈ ਹੈ।
'ਟੋਪ ਹਿੱਲ ਮੂਵੀਜ਼' ਅਤੇ 'ਅਰਾਨਿਕਾ ਪ੍ਰੋਡੋਕਸ਼ਨ' ਦੇ ਬੈਨਰ ਹੇਠ ਅਤੇ 'ਰੰਗਲਾ ਪੰਜਾਬ ਮੋਸ਼ਨ ਪਿਕਚਰਜ਼' ਦੀ ਸੰਯੁਕਤ ਐਸੋਸੀਏਸਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਸ਼ਿਵਮ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਨਿਰੇਦਸ਼ਕ ਦੇ ਤੌਰ 'ਤੇ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਵੱਲ ਵਧਣਗੇ।
ਰੁਮਾਂਟਿਕ-ਇਮੋਸ਼ਨਲ ਪ੍ਰੇਮ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਅਦਾਕਾਰ ਅਰਮਾਨ ਬੇਦਿਲ ਅਤੇ ਅਦਾਕਾਰਾ ਜਾਨਵੀਰ ਕੌਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਸਤਵੰਤ ਕੌਰ, ਪਰਮਿੰਦਰ ਗਿੱਲ, ਦਿਵਜੋਤ ਕੌਰ, ਰਾਜ ਧਾਲੀਵਾਲ, ਪ੍ਰਿਆ ਦਿਓਲ, ਸ਼ਵਿੰਦਰ ਮਾਹਲ, ਤਰਸੇਮ ਪਾਲ, ਮਲਕੀਤ ਰੋਣੀ, ਨਿਰਭੈ ਧਾਲੀਵਾਲ, ਗੁਰਮੀਤ ਦਮਨ ਅਤੇ ਹੋਰ ਕਈ ਮੰਨੇ-ਪ੍ਰਮੰਨੇ ਚਿਹਰੇ ਵੀ ਲੀਡਿੰਗ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਨਿਰਮਾਤਾ ਮਨਜੋਤ ਸਿੰਘ, ਕਾਰਜਕਾਰੀ ਨਿਰਮਾਤਾ ਸੋਨੂੰ ਕੁੰਤਲ, ਲੇਖਕ ਹੰਸਪਾਲ ਸਿੰਘ ਅਤੇ ਜਸ ਬਰਾੜ, ਕੰਨਸੈਪਟਕਾਰ ਕੇ.ਐਸ ਰੰਧਾਵਾ, ਐਸੋਸੀਏਟ ਨਿਰਦੇਸ਼ਕ ਸ਼ਿਖਾ ਸ਼ਰਮਾ ਅਤੇ ਸਿਨੇਮਾਟੋਗ੍ਰਾਫ਼ਰ ਵਿਸ਼ਵਾਨਾਥ ਪ੍ਰਜਾਪਤੀ ਹਨ।
ਜਿੰਨ੍ਹਾਂ ਤੋਂ ਇਲਾਵਾ ਫਿਲਮ ਦੇ ਹੋਰ ਖਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਮਨ ਨੂੰ ਛੂਹ ਲੈਣ ਵਾਲੀ ਸਕ੍ਰਿਪਟ-ਸਕਰੀਨ-ਪਲੇਅ ਅਧਾਰਿਤ 'ਤੇ ਇਸ ਫਿਲਮ ਦਾ ਮਿਊਜ਼ਿਕ ਗੌਰਵ ਦੇਵ, ਕਾਰਤਿਕ ਦੇਵ ਅਤੇ ਕੇਵੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ।
ਅਲਹਦਾ ਮੁਹਾਂਦਰੇ ਅਤੇ ਸਬਜੈਕਟ ਨੂੰ ਲੈ ਕੇ ਫਿਲਮੀ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਨਾਲ ਜੁੜੇ ਕੁਝ ਖਾਸ ਫੈਕਟਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਿਲਮ ਦੇ ਹੀਰੋ ਅਰਮਾਨ ਬੇਦਿਲ ਦੀ, ਜੋ ਆਪਣੇ ਪਿਤਾ ਅਤੇ ਸੰਗੀਤ ਖੇਤਰ ਦੀ ਮਸ਼ਹੂਰ ਹਸਤੀ ਮੰਨੇ ਜਾਂਦੇ ਗੀਤਕਾਰ ਬਚਨ ਬੇਦਿਲ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਫਿਲਮੀ ਖਿੱਤੇ ਵਿੱਚ ਵੀ ਆਪਣੀਆਂ ਪੈੜਾਂ ਪੜਾਅ ਦਰ ਪੜਾਅ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਅਦਾਕਾਰਾ ਜਾਨਵੀਰ ਕੌਰ ਵੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ, ਜੋ ਮਾਡਲਿੰਗ ਅਤੇ ਮਿਊਜ਼ਿਕ ਵੀਡੀਓਜ਼ ਖੇਤਰ ਵਿੱਚ ਵਿਲੱਖਣ ਪਹਿਚਾਣ ਬਾਅਦ ਉਕਤ ਫਿਲਮ ਨਾਲ ਹੁਣ ਪਾਲੀਵੁੱਡ ਵਿੱਚ ਸ਼ਾਨਦਾਰ ਆਗਮਣ ਕਰਨ ਜਾ ਰਹੀ ਹੈ।