ਚੰਡੀਗੜ੍ਹ:ਚੰਡੀਗੜ੍ਹ ਵਿਖੇ ਇੰਟਰਨੈਸ਼ਨਲ ਪੰਜਾਬੀ ਗਾਇਕਾਂ ਨੂੰ ਹਾਲੀਆ ਦਿਨਾਂ ਦੌਰਾਨ ਆਈਆਂ ਮੁਸ਼ਕਿਲਾਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਹੁਣ ਬਾਲੀਵੁੱਡ ਗਾਇਕਾਂ ਨੇ ਵੀ ਇਸ ਖੂਬਸੂਰਤ ਸ਼ਹਿਰ ਤੋਂ ਕਿਨਾਰਾ ਕਰਦਿਆਂ ਹੱਟਵੇਂ ਸਥਾਨ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸੇ ਸੰਬੰਧੀ ਸਾਹਮਣੇ ਆ ਰਹੇ ਮੰਜ਼ਰ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਮਸ਼ਹੂਰ ਗਾਇਕ ਅਰੀਜੀਤ ਸਿੰਘ ਦਾ ਇੱਧਰ ਹੋਣ ਜਾ ਰਿਹਾ ਗ੍ਰੈਂਡ ਕੰਸਰਟ, ਜਿਸ ਨੂੰ ਉਹ ਚੰਡੀਗੜ੍ਹ ਦੀ ਬਜਾਏ ਪੰਚਕੂਲਾ ਵਿਖੇ ਅੰਜ਼ਾਮ ਦੇਣ ਜਾ ਰਹੇ ਹਨ।
'ਤਾਰਿਸ਼ ਐਂਟਰਟੇਨਮੈਂਟ' ਅਤੇ 'ਤਰੁਣ ਚੌਧਰੀ' ਵੱਲੋਂ ਵੱਡੇ ਪੱਧਰ ਉੱਪਰ ਆਯੋਜਿਤ ਹੋਣ ਜਾ ਰਹੇ ਇਸ ਵਿਸ਼ਾਲ ਲਾਈਵ ਸ਼ੋਅ ਦਾ ਆਯੋਜਨ 16 ਫ਼ਰਵਰੀ ਨੂੰ ਹੋਣ ਜਾ ਰਿਹਾ ਹੈ, ਜਿਸ ਲਈ ਸ਼ਾਲੀਮਾਰ ਗਰਾਊਂਡ ਸੈਕਟਰ 5 ਪੰਚਕੂਲਾ ਦਾ ਸਥਾਨ ਨਿਰਧਾਰਿਤ ਕੀਤਾ ਗਿਆ ਹੈ, ਜੋ ਕਿਸੇ ਬਾਲੀਵੁੱਡ ਗਾਇਕ ਦਾ ਚੰਡੀਗੜ੍ਹ ਦੇ ਬਿਲਕੁੱਲ ਨਾਲ ਲੱਗਦੇ ਪੁਲਿਸ ਅਤੇ ਪ੍ਰਸ਼ਾਸ਼ਨ ਦਾਇਰੇ ਤੋਂ ਬਾਹਰ ਆਉਂਦੇ ਹਰਿਆਣੇ ਦੇ ਇਸ ਹਿੱਸੇ ਵਿੱਚ ਹੋਣ ਜਾ ਰਿਹਾ ਪਹਿਲਾਂ ਗ੍ਰੈਂਡ ਕੰਸਰਟ ਹੋਵੇਗਾ, ਹਾਲਾਂਕਿ ਇਸ ਤੋਂ ਪਹਿਲਾਂ ਹਰ ਪ੍ਰਸਿੱਧ ਗਾਇਕ ਚੰਡੀਗੜ੍ਹ ਵਿਖੇ ਹੀ ਸ਼ੋਅ ਕਰਨਾ ਪਸੰਦ ਕਰਦਾ ਰਿਹਾ ਹੈ।
ਉਕਤ ਸੰਬੰਧਤ ਬਦਲ ਰਹੇ ਇਸ ਸ਼ੋਅ ਪਰਿਪੇਸ਼ ਨੂੰ ਲੈ ਕੇ ਬਾਲੀਵੁੱਡ, ਗਾਇਕੀ ਅਤੇ ਸੰਗੀਤਕ ਖੇਤਰ ਨਾਲ ਜੁੜੀਆਂ ਕੁਝ ਸ਼ਖਸੀਅਤਾਂ ਦੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਂਅ ਨੂੰ ਸ਼ਾਮਿਲ ਨਾ ਕੀਤੇ ਜਾਣ ਦੀ ਇਲਤਜ਼ਾ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਵਿਖੇ ਵੱਡੇ ਸ਼ੋਅਜ਼ ਨੂੰ ਲੈ ਅਪਣਾਇਆ ਜਾ ਰਿਹਾ ਗੈਰ ਸਹਿਯੋਗੀ ਰਵੱਈਆ ਹੀ ਇੰਟਰਨੈਸ਼ਨਲ ਅਤੇ ਬਾਲੀਵੁੱਡ ਗਾਇਕਾਂ ਨੂੰ ਉਕਤ ਸੰਬੰਧਤ ਬਦਲਵੇਂ ਵਿਕਲਪ ਤਲਾਸ਼ਣ ਲਈ ਮਜ਼ਬੂਰ ਕਰ ਰਿਹਾ ਹੈ, ਜਿਸ ਦੇ ਹੀ ਬਦਲ ਰਹੇ ਸੋਚ ਪ੍ਰਤੀਰੂਪ ਨੂੰ ਪ੍ਰਤੀਬਿੰਬਤ ਕਰ ਰਿਹਾ ਹੈ ਗਾਇਕ ਅਰੀਜੀਤ ਸਿੰਘ ਦਾ ਉਕਤ ਸ਼ੋਅ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਅਪਣੇ ਤਮਾਮ ਕੰਸਰਟ ਚੰਡੀਗੜ੍ਹ ਵਿਖੇ ਹੀ ਅੰਜ਼ਾਮ ਦਿੱਤੇ ਗਏ ਹਨ।