ਚੰਡੀਗੜ੍ਹ: ਹਿੰਦੀ ਫਿਲਮ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਸਥਾਪਿਤ ਕਰ ਚੁੱਕੇ ਹਨ ਬਹੁ-ਆਯਾਮੀ ਅਦਾਕਾਰ ਅਨੁਪਮ ਖੇਰ, ਜੋ ਦਿੱਲੀ ਵਿਖੇ ਆਯੋਜਿਤ ਕੀਤੇ ਗਏ ਇੱਕ ਵਿਸ਼ੇਸ਼ ਐਵਾਰਡ ਸਮਾਰੋਹ ਵਿੱਚ ਆਪਣੀ ਮਾਂ ਨੂੰ ਮਿਲੇ ਇੱਕ ਖਾਸ ਸਨਮਾਨ ਦੌਰਾਨ ਕਾਫ਼ੀ ਭਾਵੁਕ ਨਜ਼ਰ ਆਏ।
ਉਕਤ ਸੰਬੰਧਤ ਹੀ ਭਾਵੁਕਤਾ ਦਾ ਇਜ਼ਹਾਰ ਕਰਦਿਆਂ ਇਸ ਬਿਹਤਰੀਨ ਅਦਾਕਾਰ ਨੇ ਕਿਹਾ ਕਿ ਉਨਾਂ ਦੀ ਮਾਤਾ ਸ਼੍ਰੀਮਤੀ ਦੁਲਾਰੀ ਕੇਵਲ ਉਨਾਂ ਦੇ ਪਰਿਵਾਰ ਲਈ ਹੀ ਨਹੀਂ, ਬਲਕਿ ਸਮਾਜ ਲਈ ਵੀ ਇੱਕ ਹੋਰ ਨਵੀਂ ਮਿਸਾਲ ਬਣ ਕੇ ਸਾਹਮਣੇ ਆਏ ਹਨ, ਜਿੰਨਾਂ ਵੱਲੋਂ ਜ਼ਮੀਨ ਅਤੇ ਅਸਲ ਕਦਰਾਂ ਕੀਮਤਾਂ ਨਾਲ ਜੁੜੇ ਰਹਿਣ ਦੇ ਹਮੇਸ਼ਾ ਦਿੱਤੇ ਜਾਂਦੇ ਰਹੇ ਸੰਸਕਾਰਾਂ ਦੀ ਬਦੌਲਤ ਹੀ ਉੱਚ ਬੁਲੰਦੀਆਂ ਛੂਹ ਲੈਣ ਦੇ ਬਾਵਜੂਦ ਗਰੂਰ ਨੂੰ ਕਦੀ ਆਪਣੇ ਦਿਲੋਂ ਦਿਮਾਗ ਉਪਰ ਹਾਵੀ ਨਹੀਂ ਦਿੱਤਾ।
ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਇੱਕ ਮੱਧਵਰਗੀ ਪਰਿਵਾਰ ਨਾਲ ਸੰਬੰਧਤ ਰਹੀ ਉਨਾਂ ਦੀ ਮਾਂ ਨੇ ਬੇਹੱਦ ਗਰੀਬੀ ਵਿੱਚ ਅਪਣਾ ਜੀਵਨ ਬਤੀਤ ਕੀਤਾ, ਪਰ ਅੱਜ ਐਸ਼ੋ ਅਰਾਮ ਲਈ ਹਰ ਸਹੂਲੀਅਤ ਉੱਪਲਬਧ ਹੋਣ ਦੇ ਬਾਅਦ ਵੀ ਉਹ ਬਹੁਤ ਹੀ ਸਧਾਰਨ ਜੀਵਨ ਜਿਉਣਾ ਪਸੰਦ ਕਰਦੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਮੰਬਈ ਦੀ ਚਕਾਚੌਂਧ ਤੋਂ ਦੂਰ ਆਪਣੇ ਸ਼ਿਮਲਾ ਦੇ ਉਸੇ ਪੁਰਾਣੇ ਪੁਸ਼ਤੈਨੀ ਘਰ ਵਿੱਚ ਰਹਿਣਾ ਜਿਆਦਾ ਪਸੰਦ ਕਰਦੀ ਹੈ।
ਬਾਲੀਵੁੱਡ ਦੀ ਬੇਹੱਦ ਰੁਝੇਵਿਆਂ ਭਰੀ ਜਿੰਦਗੀ ਦੇ ਬਾਵਜੂਦ ਅਦਾਕਾਰ ਅਨੁਪਮ ਖੇਰ ਦਾ ਅਪਣੀ ਮਾਂ ਪ੍ਰਤੀ ਪਿਆਰ ਅਤੇ ਸਨੇਹ ਬੇਮਿਸਾਲਤਾ ਭਰੇ ਆਪਸੀ ਰਿਸ਼ਤਿਆਂ ਦਾ ਸਮੇਂ ਦਰ ਸਮੇਂ ਪ੍ਰਤੱਖ ਇਜ਼ਹਾਰ ਅਤੇ ਅਹਿਸਾਸ ਕਰਵਾਉਂਦਾ ਰਹਿੰਦਾ ਹੈ।
ਉਕਤ ਐਵਾਰਡ ਨੂੰ ਲੈ ਕੇ ਖੁਸ਼ੀ ਵਿੱਚ ਖੀਵੇ ਹੋਏ ਅਦਾਕਾਰ ਅਨੁਪਮ ਖੇਰ ਦੱਸਦੇ ਹਨ ਕਿ ਗਲੋਬਲ ਐਨਫਲੂਸਰ ਐਡ ਲੀਡਰਸ਼ਿਪ ਸਮਿਟ ਐਡ ਐਵਾਰਡ ਟਾਈਟਲ ਅਧੀਨ ਆਯੋਜਿਤ ਕੀਤੇ ਗਏ ਉਕਤ ਸਮਾਰੋਹ ਦੌਰਾਨ ਉਨਾਂ ਦੀ ਮਾਂ ਨੂੰ ਹੋਮ ਮੇਕਰ ਸ਼੍ਰੇਣੀ ਵਿੱਚ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ, ਜਿਸ ਸੰਬੰਧਤ ਦਿੱਤੇ ਗਏ ਇਸ ਅਹਿਮ ਮਾਣ ਲਈ ਉਹ ਅਪਣੇ ਭਰਾ ਰਾਜੂ ਖੇਰ ਸਮੇਤ ਪੂਰੇ ਪਰਿਵਾਰ ਵੱਲੋਂ ਸੰਸਥਾ ਪ੍ਰਤੀ ਤਹਿ ਦਿਲੋਂ ਤੋਂ ਸ਼ੁਕਰੀਆ ਅਦਾ ਕਰਦੇ ਹਨ।
ਉਨਾਂ ਕਿਹਾ ਕਿ ਇੱਕ ਅਸਾਧਾਰਨ ਮਾਂ ਅਤੇ ਮਹਿਲਾ ਦੀ ਹੌਂਸਲਾ ਅਫ਼ਜਾਈ ਆਮ ਜੀਵਨ ਜਿਊਂਦੀਆਂ ਹੋਰਨਾਂ ਮਹਿਲਾਵਾਂ ਨੂੰ ਨਵੇਂ ਜੋਸ਼ ਅਤੇ ਹੌਂਸਲੇ ਨਾਲ ਅੋਤ ਪੋਤ ਕਰੇਗੀ। ਸਿਨੇਮਾ ਗਲਿਆਰਿਆਂ ਤੋਂ ਲੈ ਕੇ ਦੁਨੀਆ-ਭਰ ਵਿੱਚ ਆਪਣੀ ਕਾਬਲੀਅਤ ਅਤੇ ਪੁਜੀਸ਼ਨ ਦਾ ਲੋਹਾ ਮੰਨਵਾ ਰਹੇ ਅਨੁਪਮ ਖੇਰ ਦਾ ਇੱਕ ਆਮ ਜਿਹਾ ਇਨਸਾਨ ਬਣ ਕੇ ਜੀਵਨ ਜਿਉਣਾ ਅਤੇ ਆਪਣੀ ਮਾਂ ਪ੍ਰਤੀ ਅਜੋਕੇ ਪੜਾਅ 'ਤੇ ਵੀ ਪਿਆਰ ਬਰਕਰਾਰ ਰੱਖਣਾ ਇੱਕ ਤਰ੍ਹਾਂ ਦੀ ਅਨੂਠੀ ਭਾਵਨਾਤਮਕਤਾ ਦਾ ਇਜ਼ਹਾਰ ਕਰਵਾਉਂਦਾ ਹੈ, ਇਸ ਦਾ ਦਿਲ ਝੰਝੋੜਦਾ ਮੰਜ਼ਰ ਆਮ ਹੀ ਉਨਾਂ ਦੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਮਾਂ ਦੀ ਝੜਕ ਸੁਣ ਹੁਣ ਵੀ ਕੰਬ ਉੱਠਦੇ ਹਨ ਇਹ ਦਿੱਗਜ ਐਕਟਰ।