ਪੰਜਾਬ

punjab

ETV Bharat / entertainment

ਰਿਲੀਜ਼ ਹੋਇਆ 'ਕੁੜੀ ਹਰਿਆਣੇ ਵੱਲ ਦੀ' ਦਾ ਟ੍ਰੇਲਰ, ਫਿਲਮ ਇਸ ਦਿਨ ਆਵੇਗੀ ਸਾਹਮਣੇ - Kudi Haryane Val Di Trailer - KUDI HARYANE VAL DI TRAILER

Kudi Haryane Val Di Trailer: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ਕੁੜੀ ਹਰਿਆਣੇ ਵੱਲ ਦੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਇਹ ਫਿਲਮ 14 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।

Kudi Haryane Val Di Trailer release
Kudi Haryane Val Di Trailer release (instagram)

By ETV Bharat Entertainment Team

Published : May 27, 2024, 5:35 PM IST

Updated : May 27, 2024, 5:40 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਅਤੇ ਸੁਪਰ ਸਟਾਰ ਚਿਹਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਐਮੀ ਵਿਰਕ ਅਤੇ ਸੋਨਮ ਬਾਜਵਾ, ਜਿੰਨ੍ਹਾਂ ਦੀ ਇਕੱਠਿਆਂ ਵਜੂਦ ਵਿੱਚ ਆਈ ਇੱਕ ਹੋਰ ਨਵੀਂ ਪੰਜਾਬੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਟ੍ਰੇਲਰ ਅੱਜ ਵੱਡੇ ਪੱਧਰ ਉਤੇ ਜਾਰੀ ਕੀਤਾ ਗਿਆ ਹੈ।

'ਰਮਾਰਾਂ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 14 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਪਰਿਵਾਰਿਕ-ਡਰਾਮਾ ਅਤੇ ਕਾਮੇਡੀ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਆਜਾ ਮੈਕਸੀਕੋ ਚੱਲੀਏ', 'ਅੰਨੀ ਦਿਆ ਮਜ਼ਾਕ ਹੈ' ਜਿਹੀਆਂ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰਨ ਦੇ ਨਾਲ-ਨਾਲ ਕਈ ਬਹੁ ਚਰਚਿਤ ਫਿਲਮਾਂ ਦਾ ਲੇਖਨ ਵੀ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਲੇਖਕਾਂ ਅਤੇ ਨਿਰਦੇਸ਼ਕਾਂ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ।

ਹਰਿਆਣੇ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਬੱਧ ਕੀਤੀ ਗਈ ਇਸ ਫਿਲਮ ਦੇ ਨਿਰਮਾਤਾ ਅਮਨ ਗਿੱਲ, ਪਵਨ ਗਿੱਲ ਅਤੇ ਸੰਨੀ ਗਿੱਲ ਹਨ, ਜਦ ਕੈਮਰਾਮੈਨ ਵਜੋਂ ਜਿੰਮੇਵਾਰੀ ਅੰਸ਼ੁਲ ਚੋਬੇ ਵੱਲੋਂ ਨਿਭਾਈ ਗਈ ਹੈ, ਜੋ ਬੇਸ਼ੁਮਾਰ ਹਿੰਦੀ ਅਤੇ ਪੰਜਾਬੀ ਫਿਲਮਾਂ ਨੂੰ ਖੂਬਸੂਰਤ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਆ ਰਹੀ ਇਹ ਫਿਲਮ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਲਗਾਤਾਰ ਇਕੱਠਿਆਂ ਸੱਤਵੀਂ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਮੁਕਲਾਵਾ', 'ਸ਼ੇਰ ਬੱਗਾ', 'ਪੁਆੜਾ' ਆਦਿ ਜਿਹੀਆਂ ਕਈ ਸ਼ਾਨਦਾਰ ਅਤੇ ਸਫਲ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ। ਇਸ ਤੋਂ ਇਲਾਵਾ ਇੰਨੀਂ ਦਿਨੀਂ ਨਿਰਮਾਣ ਅਧੀਨ ਇੱਕ ਹੋਰ ਸੀਕਵਲ ਫਿਲਮ 'ਨਿੱਕਾ ਜ਼ੈਲਦਾਰ 3' ਵਿੱਚ ਵੀ ਇਹ ਦੋਨੋਂ ਲੀਡ ਰੋਲ ਪਲੇ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰ ਰਹੇ ਹਨ।

ਪਾਲੀਵੁੱਡ ਦੀਆਂ ਮਲਟੀ ਸਟਾਰਰ ਅਤੇ ਬਿੱਗ ਸੈਟਅਪ ਫਿਲਮਾਂ ਵਿੱਚ ਸ਼ਾਮਿਲ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਨਵੇਂ ਚਿਹਰੇ ਅਜੇ ਹੁੱਡਾ ਤੋਂ ਇਲਾਵਾ ਯਸ਼ਪਾਲ ਸ਼ਰਮਾ, ਯੋਗਰਾਜ ਸਿੰਘ, ਹਰਦੀਪ ਗਿੱਲ, ਹਨੀ ਮੱਟੂ, ਸੀਮਾ ਕੌਸ਼ਲ, ਮਹਾਂਵੀਰ ਭੁੱਲਰ, ਦੀਦਾਰ ਗਿੱਲ, ਮਨਪ੍ਰੀਤ ਡੋਲੀ ਅਤੇ ਮਿੰਟੂ ਕਾਪਾ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ, ਜਿਸ ਤੋਂ ਇਲਾਵਾ ਫਿਲਮ ਦੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਗੀਤ-ਸੰਗੀਤ ਪੱਖ ਵੀ ਬੇਹੱਦ ਉਮਦਾ ਸਿਰਜਿਆ ਗਿਆ ਹੈ, ਜਿਸ ਵਿਚਲੇ ਗੀਤਾਂ ਨੂੰ ਪਿੱਠਵਰਤੀ ਆਵਾਜ਼ਾਂ ਐਮੀ ਵਿਰਕ, ਕੌਮਲ ਚੌਧਰੀ, ਮੰਨਤ ਨੂਰ ਅਤੇ ਰਾਜ ਮੰਵਰ ਵੱਲੋਂ ਦਿੱਤੀਆਂ ਗਈਆਂ ਹਨ।

Last Updated : May 27, 2024, 5:40 PM IST

ABOUT THE AUTHOR

...view details