ਹੈਦਰਾਬਾਦ:'ਪੁਸ਼ਪਾ' ਅਤੇ 'ਪੁਸ਼ਪਾ 2' ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ਵਿੱਚ ਭਗਦੜ ਦੀ ਦਰਦਨਾਕ ਘਟਨਾ ਦੇ ਸੰਬੰਧ ਵਿੱਚ 14 ਦਿਨਾਂ ਦੀ ਨਿਆਂਇਕ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। 4 ਦਸੰਬਰ ਨੂੰ ਵਾਪਰੀ ਇਸ ਘਟਨਾ ਵਿੱਚ 35 ਸਾਲਾਂ ਰੇਵਤੀ ਨਾਂਅ ਦੀ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਅੱਠ ਸਾਲਾਂ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬਚਾਅ ਪੱਖ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਾਮਪੱਲੀ ਅਦਾਲਤ ਨੇ ਅੱਲੂ ਅਰਜੁਨ ਨੂੰ 27 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਅਦਾਕਾਰ ਨੂੰ ਪੁਲਿਸ ਨੇ 13 ਦਸੰਬਰ ਨੂੰ ਸਖ਼ਤ ਸੁਰੱਖਿਆ ਹੇਠ ਉਸਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਸੀ ਅਤੇ ਚਿੱਕੜਪੱਲੀ ਪੁਲਿਸ ਸਟੇਸ਼ਨ ਲਿਜਾਇਆ ਗਿਆ ਸੀ। ਇਹ ਗ੍ਰਿਫ਼ਤਾਰੀ ਮ੍ਰਿਤਕ ਦੇ ਪਰਿਵਾਰ ਵੱਲੋਂ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਨ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਇੱਕ ਕੇਸ ਦਾਇਰ ਕਰਨ ਤੋਂ ਬਾਅਦ ਹੋਈ ਹੈ। ਰੇਵਤੀ ਦੇ ਪਤੀ ਭਾਸਕਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਦਾਕਾਰ ਦੇ ਖਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 105 ਅਤੇ 118 (1) ਦੇ ਤਹਿਤ ਦਾਇਰ ਕੀਤੇ ਗਏ ਇਲਜ਼ਾਮ ਹਨ।