ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਚਰਚਿਤ ਨਿਰਦੇਸ਼ਕ ਅਮਰ ਹੁੰਦਲ ਆਪਣੇ ਸੁਭਾਅ ਤੋਂ ਬਿਲਕੁਲ ਹੱਟਵੀਂ ਪੰਜਾਬੀ ਫਿਲਮ 'ਬੀਬੀ ਰਜਨੀ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾ ਅਦਾਕਾਰਾ ਰੂਪੀ ਗਿੱਲ ਨਿਭਾਉਂਦੀ ਨਜ਼ਰੀ ਪਏਗੀ।
ਸਿੱਖ ਪ੍ਰੰਪਰਾਵਾਂ ਦੀ ਤਰਜ਼ਮਾਨੀ ਕਰਦੀ ਅਤੇ ਧਰਮ ਪ੍ਰਤੀ ਸੱਚੀ ਆਸਥਾ ਦਾ ਪ੍ਰਗਟਾਵਾ ਕਰਦੀ ਇਹ ਧਾਰਮਿਕ ਫਿਲਮ ਸ੍ਰੀ ਗੁਰੂ ਰਾਮਦਾਸ ਜੀ ਦੇ ਯੁੱਗ ਵਿੱਚ ਹੰਕਾਰੀ ਰਾਜੇ ਵਜੋਂ ਜਾਣੇ ਜਾਂਦੇ ਰਹੇ ਰਾਜਾ ਰਾਏ ਦੁਨੀ ਚੰਦ ਦੀ ਸਭ ਤੋਂ ਛੋਟੀ 7ਵੀਂ ਧੀ ਰਜਨੀ ਜੋ ਬਾਅਦ ਵਿੱਚ ਬੀਬੀ ਰਜਨੀ ਵਜੋਂ ਸਤਿਕਾਰੇ ਗਏ ਦੇ ਜੀਵਨ ਨਾਲ ਸੰਬੰਧਤ ਹੈ।
ਉਨ੍ਹਾਂ ਦੀ ਬਦਕਿਸਮਤੀ ਉਦੋਂ ਸ਼ੁਰੂ ਹੋਈ, ਜਦੋਂ ਉਸਦੀ ਅਪਣੇ ਪਿਤਾ ਪ੍ਰਤੀ ਕੀਤੀ ਟਿੱਪਣੀ ਤੋਂ ਨਾਰਾਜ਼ ਹੋਏ ਉਸ ਦੇ ਜ਼ਾਲਿਮ ਬਾਪ ਨੇ ਉਸ ਦਾ ਵਿਆਹ ਇੱਕ ਅਪਾਹਜ਼ ਨਾਲ ਕਰਵਾ ਦਿੱਤਾ। ਪਰ ਵਾਹਿਗੁਰੂ ਉਤੇ ਵਿਸ਼ਵਾਸ਼ ਕਰਨ ਵਾਲੀ ਇਹ ਦਲੇਰ ਲੜਕੀ ਨਿਰਾਸ਼ ਨਹੀਂ ਹੋਈ ਅਤੇ ਇਸ ਅਣਹੋਣੀ ਨੂੰ ਰੱਬ ਦੀ ਰਜ਼ਾ ਮੰਨ ਸਵੀਕਾਰ ਕੀਤਾ। ਇਸ ਤੋਂ ਬਾਅਦ ਉਸ ਦੇ ਅਪਾਹਜ਼ ਅਤੇ ਬਿਮਾਰੀ ਨਾਲ ਗ੍ਰਸਤ ਪਤੀ ਨੂੰ ਦੁੱਖਭੰਜਨੀ ਬੇਰੀ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਸਿਹਤਮੰਦ ਜ਼ਿੰਦਗੀ ਪ੍ਰਾਪਤ ਹੁੰਦੀ ਹੈ। ਇਹ ਘਟਨਾ ਸਿੱਖ ਇਤਿਹਾਸ ਵਿੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਇਸ ਤਰ੍ਹਾਂ ਹੋਇਆ ਚਮਤਕਾਰ: ਹੁਣ ਇਸ ਫਿਲਮ ਦੀ ਮੁੱਖ ਅਦਾਕਾਰਾ ਰੂਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਉਤੇ ਅਜਿਹੇ ਹੀ ਇੱਕ ਹੋਰ ਚਮਤਕਾਰ ਦੀ ਵੀਡੀਓ ਸਾਂਝੀ ਕੀਤੀ ਹੈ, ਵੀਡੀਓ ਵਿੱਚ ਇੱਕ ਪਰਿਵਾਰ ਆਪਣੀ ਹੱਡ ਬੀਤੀ ਘਟਨਾ ਸੁਣਾਉਂਦਾ ਨਜ਼ਰੀ ਪੈਂਦਾ ਹੈ। ਪਰਿਵਾਰ ਕਹਿੰਦਾ ਹੈ ਕਿ "ਮੇਰਾ ਬੇਟਾ ਮਹਿਤਾਬ ਸਿੰਘ, ਇਹ ਜਨਮ ਤੋਂ ਹੀ ਅਣਵਿਕਸਤ ਸੀ, ਅਸੀਂ ਇਸ ਨੂੰ ਠੀਕ ਕਰਨ ਲਈ ਕਈ ਡਾਕਟਰਾਂ ਕੋਲ ਟ੍ਰਾਈ ਕੀਤਾ, ਕੋਈ ਹਸਪਤਾਲ ਨਹੀਂ ਛੱਡਿਆ, ਕਈ ਅਪਰੇਸ਼ਨ ਵੀ ਕਰਵਾਉਣੇ ਪਏ। ਉਸ ਤੋਂ ਬਾਅਦ ਅਸੀਂ 2017 ਤੋਂ ਲੈ ਕੇ 2018 ਤੱਕ ਯਾਨੀ ਕਿ ਇੱਕ ਸਾਲ ਲਗਾਤਾਰ ਇਸ ਨੂੰ ਲੈ ਕੇ ਅਤੇ ਨਾਲ ਸੰਗਤ ਨੂੰ ਲੈ ਕੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ ਉਤੇ ਜਾਂਦੇ ਰਹੇ ਅਤੇ ਉੱਥੇ ਸੇਵਾ ਕਰਦੇ ਰਹੇ। ਬੱਚੇ ਨੂੰ ਇਸ਼ਨਾਨ ਕਰਵਾਉਂਦੇ ਰਹੇ। ਅਪ੍ਰੈਲ 2018 ਵਿੱਚ ਇਹ ਬੱਚਾ ਪ੍ਰਕਰਮਾ ਕਰਦੇ ਸਮੇਂ ਅਚਾਨਕ ਚੱਲਣ ਲੱਗ ਪਿਆ। ਬਹੁਤ ਬਖਸ਼ਿਸ ਹੋਈ ਹੈ ਸਾਡੇ ਪਰਿਵਾਰ ਉਤੇ। ਬੀਬੀ ਰਜਨੀ ਦੇ ਪਤੀ ਉੱਥੋਂ ਸਿਹਤਮੰਦ ਹੋਏ ਸਨ, ਸਾਡਾ ਬੱਚਾ ਵੀ ਉੱਥੋਂ ਹੀ ਸਿਹਤਮੰਦ ਹੋਇਆ ਹੈ ਜੀ।' ਵੀਡੀਓ ਵਿੱਚ ਅਸੀਂ ਉਸ ਬੱਚੇ ਨੂੰ ਵੀ ਦੇਖ ਸਕਦੇ ਹਾਂ।
ਉਲੇਖਯੋਗ ਹੈ ਕਿ ਇਹ ਘਟਨਾ ਪਹਿਲੀ ਜਾਂ ਅੰਤਿਮ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅਜਿਹੇ ਚਮਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਜੇਕਰ ਦੁਬਾਰਾ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ 'ਚ ਫਿਲਮਾਈ ਗਈ ਇਸ ਪਰਿਵਾਰਕ ਅਤੇ ਅਰਥ-ਭਰਪੂਰ ਫਿਲਮ ਦੀ ਸਟਾਰ-ਕਾਸਟ ਵਿੱਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਬੀ.ਐਨ ਸ਼ਰਮਾ, ਪ੍ਰਦੀਪ ਚੀਮਾ, ਗੁਰਪ੍ਰੀਤ ਭੰਗੂ ਵੀ ਸ਼ਾਮਿਲ ਹਨ। ਇਹ ਫਿਲਮ ਇਸ ਸਾਲ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।