ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਬਹੁ-ਪੱਖੀ ਅਦਾਕਾਰ ਪਾਲੀ ਮਾਂਗਟ, ਜੋ ਪੜਾਅ-ਦਰ-ਪੜਾਅ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਚੋਖਾ ਨਾਮਣਾ ਖੱਟਦੇ ਜਾ ਰਹੇ ਹਾਂ, ਜਿੰਨਾਂ ਦੇ ਹੀ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਾਇਰੇ ਦਾ ਅਹਿਸਾਸ ਕਰਾਉਣ ਜਾ ਰਹੀ ਹੈ ਸ਼ੂਟਿੰਗ ਆਗਾਜ਼ ਵੱਲ ਵੱਧ ਚੁੱਕੀ ਪੰਜਾਬੀ ਫਿਲਮ 'ਮਿੱਠਾ ਜ਼ਹਿਰ', ਜਿਸ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿੱਚ ਨਜ਼ਰ ਆਉਣਗੇ ਇਹ ਦਿੱਗਜ ਅਦਾਕਾਰ, ਜੋ ਅਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਵਿਖਾਈ ਦੇ ਰਹੇ ਹਨ।
ਪੰਜਾਬ ਦੇ ਦੁਆਬਾ ਅਧੀਨ ਆਉਂਦੇ ਫਗਵਾੜਾ ਹਿੱਸਿਆਂ ਵਿੱਚ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਇਸ ਫਿਲਮ ਦੇ ਕਲਾਕਾਰਾਂ ਵਿੱਚ ਪਾਲੀ ਮਾਂਗਟ ਤੋਂ ਇਲਾਵਾ ਚਮਕੌਰ ਐਸ ਸੋਹਲ, ਰਾਣਾ ਜੰਗ ਬਹਾਦਰ, ਪੂਨਮ ਸੂਦ, ਰਵਿੰਦਰ ਮੰਡ ਆਦਿ ਸ਼ਾਮਿਲ ਹਨ, ਜਿੰਨਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਮੰਨੇ ਪ੍ਰਮੰਨੇ ਚਿਹਰੇ ਵੀ ਇਸ ਵਿੱਚ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।
ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਇਹ ਇਮੋਸ਼ਨਲ-ਡਰਾਮਾ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਰਾਜ ਕਾਲੀਆ ਕਰ ਰਹੇ ਹਨ, ਜਦ ਕਿ ਇਸ ਦੇ ਸਿਨੇਮਾਟੋਗ੍ਰਾਫ਼ਰ ਪੱਖ ਰਾਜੂ ਗੋਗਨਾ ਸੰਭਾਲ ਰਹੇ ਹਨ।
'ਧਰੁਵ ਪ੍ਰੋਡੋਕਸ਼ਨ ਦੇ ਬੈਨਰ' ਅਧੀਨ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਪਾਲੀਵੁੱਡ ਦੀ ਚਰਚਿਤ ਪੰਜਾਬੀ ਅਦਾਕਾਰਾ ਕਰਮ ਕੌਰ ਵੀ ਬੇਹੱਦ ਅਹਿਮ ਭੂਮਿਕਾ ਨਿਭਾ ਰਹੀ ਹੈ, ਜਿੰਨਾਂ ਅਨੁਸਾਰ ਅਰਥ-ਭਰਪੂਰ ਕਹਾਣੀਸਾਰ ਆਧਾਰਿਤ ਇਸ ਫਿਲਮ ਵਿੱਚ ਉਨਾਂ ਦੀ ਭੂਮਿਕਾ ਕਾਫ਼ੀ ਚੁਣੌਤੀਪੂਰਨ ਹੈ, ਜਿਸ ਵਿੱਚ ਦਰਸ਼ਕ ਅਤੇ ਉਨਾਂ ਦੇ ਪ੍ਰਸ਼ੰਸਕ ਉਨਾਂ ਨੂੰ ਇੱਕ ਨਵੇਂ ਅਵਤਾਰ ਵਿੱਚ ਵੇਖਣਗੇ।
ਓਧਰ ਉਕਤ ਫਿਲਮ ਦਾ ਹਿੱਸਾ ਬਣੇ ਅਦਾਕਾਰ ਪਾਲੀ ਮਾਂਗਟ ਦੇ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀਂ ਦਿਨੀਂ ਉਹ ਕਈ ਅਹਿਮ ਹਿੰਦੀ ਅਤੇ ਪੰਜਾਬੀ ਪ੍ਰੋਜੈਕਟ ਵਿੱਚ ਰੁਝੇ ਵਿਖਾਈ ਦੇ ਰਹੇ ਹਨ, ਜਿੰਨਾਂ ਵਿੱਚ ਵੱਡੀ ਹਿੰਦੀ ਫਿਲਮ 'ਦਿ ਡਿਪਲੋਮੈਂਟ' ਵੀ ਸ਼ਾਮਿਲ ਹੈ, ਜਿਸ ਵਿੱਚ ਬਾਲੀਵੁੱਡ ਸਟਾਰ ਜੋਨ ਅਬ੍ਰਾਹਮ ਲੀਡ ਰੋਲ ਵਿੱਚ ਹਨ ਅਤੇ ਉਨਾਂ ਨਾਲ ਹੀ ਪ੍ਰਭਾਵੀ ਭੂਮਿਕਾ ਅਦਾ ਕਰ ਰਹੇ ਹਨ ਪਾਲੀ ਮਾਂਗਟ, ਜਿੰਨਾਂ ਅਨੁਸਾਰ ਉਨਾਂ ਦੀ ਇਹ ਫਿਲਮ ਹਿੰਦੀ ਸਿਨੇਮਾ ਖੇਤਰ ਵਿੱਚ ਉਨਾਂ ਲਈ ਹੋਰ ਰਾਹ ਖੋਲਣ ਵਿੱਚ ਤਾਂ ਖਾਸੀ ਸਹਾਈ ਸਾਬਿਤ ਹੋਵੇਗੀ, ਨਾਲ ਹੀ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਉਨਾਂ ਦੀਆਂ ਪੈੜਾਂ ਨੂੰ ਹੋਰ ਮਜ਼ਬੂਤ ਕਰੇਗੀ।