ਚੰਡੀਗੜ੍ਹ: ਖਨੌਰੀ ਬਾਰਡਰ ਉਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਬੁੱਧਵਾਰ ਨੂੰ 51ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਹਰ ਪਲ ਵਿਗੜਦੀ ਜਾ ਰਹੀ ਹੈ। ਸਰੀਰ ਦੇ ਬਹੁਤੇ ਅੰਗ ਬੰਦ ਹੋਣ ਦੇ ਕਿਨਾਰੇ ਉਤੇ ਪਹੁੰਚ ਚੁੱਕੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਰੀਰ ਹੁਣ ਪਾਣੀ ਨੂੰ ਵੀ ਹਜ਼ਮ ਕਰਨ ਤੋਂ ਅਸਮਰੱਥ ਹੈ।
ਇਸ ਦੌਰਾਨ ਗੈਰ-ਸਿਆਸੀ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਐਲਾਨ ਕੀਤਾ ਹੈ ਕਿ 111 ਹੋਰ ਕਿਸਾਨ 15 ਜਨਵਰੀ ਤੋਂ ਖਨੌਰੀ ਵਿੱਚ ਮਰਨ ਵਰਤ ਸ਼ੁਰੂ ਕਰਨਗੇ। ਇਸ ਤਰ੍ਹਾਂ ਹੁਣ ਇੱਕ ਨਹੀਂ ਸਗੋਂ 112 ‘ਡੱਲੇਵਾਲ’ ਮਰਨ ਵਰਤ ਰੱਖਣਗੇ।
ਕਿਸਾਨਾਂ ਦੇ ਹੱਕ 'ਚ ਆਇਆ ਧੂਤਾ
ਹੁਣ ਕਿਸਾਨਾਂ ਦੇ ਹੱਕ ਵਿੱਚ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਨਾਲ ਫਿਲਮ 'ਜੱਟ ਐਂਡ ਜੂਲੀਅਟ 3' ਕਰ ਚੁੱਕੇ ਅਦਾਕਾਰ ਧੂਤਾ ਪਿੰਡੀ ਆਲਾ ਆਇਆ ਹੈ। ਅਦਾਕਾਰ ਨੇ ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਕਿਸਾਨਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ, ਉਨ੍ਹਾਂ ਨੇ ਕਿਹਾ, 'ਸੱਚੀ ਜੇ ਕਿਸਾਨ ਨਾ ਹੋਣ ਤਾਂ ਕੁੱਝ ਵੀ ਨਹੀਂ ਹੈ, ਆਪਣੇ ਡੱਲੇਵਾਲ ਸਾਹਿਬ ਧਰਨੇ ਉਤੇ ਬੈਠੇ ਨੇ, ਮੈਂ ਸਾਰੇ ਜਣਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਜਣੇ ਉਥੇ ਪਹੁੰਚੋ, ਉਨ੍ਹਾਂ ਦਾ ਸਪੋਟ ਕਰੀਏ, ਉਨ੍ਹਾਂ ਨੂੰ ਮਰਨ ਉਤੇ ਬੈਠਿਆਂ ਨੂੰ ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ, ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਹੈ, ਮੇਰੇ ਵਰਗੇ ਮੁੰਡਿਆਂ ਨੂੰ ਵੀ ਉੱਥੇ ਪਹੁੰਚਣਾ ਚਾਹੀਦਾ ਹੈ।' ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰ ਨੇ ਵੀ ਧਰਨੇ ਵਿੱਚ ਸ਼ਿਰਕਤ ਕੀਤੀ ਸੀ।
ਇਸ ਦੌਰਾਨ ਜੇਕਰ ਅਦਾਕਾਰ ਧੂਤੇ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਸਿਨੇਮਾ ਦੇ ਅਜਿਹੇ ਸਿਤਾਰੇ ਹਨ, ਜਿੰਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਟਿਊਬ ਦੀਆਂ ਵੀਡੀਓਜ਼ ਤੋਂ ਕੀਤੀ ਸੀ, ਉਨ੍ਹਾਂ ਦੀ ਸੀਐੱਮ ਦੀ ਐਕਟਿੰਗ ਵਾਲੀ ਵੀਡੀਓ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ, ਹਾਲ ਹੀ ਵਿੱਚ ਅਦਾਕਾਰ 'ਜੱਟ ਐਂਡ ਜੂਲੀਅਟ 3' ਵਿੱਚ ਨਜ਼ਰ ਆਏ ਸਨ, ਇਸ ਤੋਂ ਇਲਾਵਾ ਅਦਾਕਾਰ ਕੋਲ 'ਨਿੱਕਾ ਜ਼ੈਲਦਾਰ 4' ਅਤੇ 'ਸਰਬਾਲ੍ਹਾ ਜੀ' ਵਰਗੀਆਂ ਕਈ ਫਿਲਮਾਂ ਹਨ, ਜੋ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ: