ਕੋਟਾਯਮ:ਕੇਰਲ ਦੇਸ਼ ਦੀ ਸਭ ਤੋਂ ਸਸਤੀਆਂ ਸ਼ਰਾਬਾਂ 'ਚੋਂ ਇੱਕ ਫੇਮਸ 'ਜਵਾਨ' ਟ੍ਰਿਪਲ ਐਕਸ ਰਮ ਦਾ ਘਰ ਹੈ। ਤਿਰੂਵੱਲਾ ਵਿੱਚ ਰਾਜ ਸਰਕਾਰ ਦੀ ਤ੍ਰਾਵਣਕੋਰ ਸ਼ੂਗਰਜ਼ ਐਂਡ ਕੈਮੀਕਲਜ਼ ਲਿਮਟਿਡ 'ਚ ਬਣਨ ਵਾਲੀ ਇਸ ਰਮ ਨੂੰ ਹੁਣ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਵਧੀ ਮੰਗ ਨੂੰ ਪੂਰਾ ਕਰਨ ਲਈ ਸਟਾਕ ਕੀਤਾ ਜਾ ਰਿਹਾ ਹੈ। ਕਈਆਂ ਦਾ ਮੰਨਣਾ ਹੈ ਕਿ ਡਿਸਟਿਲਰੀ ਨੇ ਨਾ ਸਿਰਫ਼ ਰਾਜ ਦੇ ਅੰਦਰ ਨਾਜਾਇਜ਼ ਸ਼ਰਾਬ ਦੇ ਵਪਾਰ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ, ਸਗੋਂ ਕੁਦੁਬੰਸ਼੍ਰੀ ਪ੍ਰੋਗਰਾਮ ਰਾਹੀਂ ਸਥਾਨਕ ਔਰਤਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕੀਤਾ ਹੈ, ਜਿਸਦਾ ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ ਹੈ।
ਕਿੰਨੇ ਮੈਂਬਰ ਰੋਜ਼ ਕੰਮ ਕਰਦੇ ਹਨ
ਟੀਐਸਸੀਐਲ ਦੇ ਡਿਪਟੀ ਮੈਨੇਜਰ ਅਰੁਣ ਕੁਮਾਰ ਨੇ ਕਿਹਾ ਕਿ "ਅਸੀਂ ਪਿਛਲੇ 15 ਸਾਲਾਂ ਤੋਂ ਬੋਟਲਿੰਗ ਲਾਈਨ ਵਿੱਚ ਕੰਮ ਕਰਨ ਲਈ ਕੁਦੁਬੰਸ਼੍ਰੀ ਦੇ ਮੈਂਬਰਾਂ ਦੀ ਭਰਤੀ ਕੀਤੀ ਹੈ। ਮੈਂਬਰ ਪੁਲੀਕੇਝੂ ਬਲਾਕ ਪੰਚਾਇਤ ਦੇ ਨਾਲ ਲੱਗਦੀਆਂ ਪੰਜ ਪੰਚਾਇਤਾਂ ਵਿੱਚੋਂ ਚੁਣੇ ਗਏ ਹਨ। ਇਸ ਲਈ ਇੱਕ ਬੈਲਟ ਵਿੱਚ ਸਾਡੇ ਕੋਲ ਲਗਭਗ 25 ਲੋਕ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮਝੌਤੇ ਅਨੁਸਾਰ ਸੂਚੀ ਵਿੱਚ ਸ਼ਾਮਲ 28 ਮੈਂਬਰਾਂ ਵਿੱਚੋਂ ਘੱਟੋ-ਘੱਟ 25 ਮੈਂਬਰ ਹਰ ਰੋਜ਼ ਕੰਮ ਕਰਦੇ ਹਨ। ਇਸ ਲਈ ਲਗਭਗ 150 ਮੈਂਬਰ ਛੇ ਕਨਵੇਅਰ ਬੈਲਟਾਂ ਦਾ ਸੰਚਾਲਨ ਕਰ ਰਹੇ ਹਨ"।
ਔਰਤਾਂ ਨੇ ਜਤਾਈ ਖੁਸ਼ੀ
ਤੁਹਾਨੂੰ ਦੱਸ ਦਈਏ ਕਿ ਇੱਥੇ ਕੰਮ ਕਰਨ ਵਾਲੀਆਂ ਕਈ ਔਰਤਾਂ ਨੇ ਖੁਸ਼ੀ ਪ੍ਰਗਟਾਈ ਕਿ ਇਸ ਪਹਿਲਕਦਮੀ ਨੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਆਤਮ ਨਿਰਭਰ ਬਣਾਇਆ ਹੈ। ਇੱਥੋਂ ਦੀ ਮੈਂਬਰ ਪ੍ਰਿਆ ਨੇ ਕਿਹਾ ਕਿ "ਅਸੀਂ ਸਾਰੇ ਕੁਦੁਬੰਸ਼੍ਰੀ ਦੇ ਮੈਂਬਰ ਹਾਂ। ਪੰਚਾਇਤ ਵਿੱਚ ਵੱਖ-ਵੱਖ ਵਾਰਡਾਂ ਲਈ ਟੈਂਡਰ ਆਉਂਦੇ ਨੇ ਅਤੇ ਜਿਸ ਵਾਰਡ ਦਾ ਟੈਂਡਰ ਹੁੰਦਾ, ਉਸ ਵਿੱਚੋਂ 28 ਮੈਂਬਰ ਭਰਤੀ ਕੀਤੇ ਜਾਂਦੇ ਹਨ। ਜਦੋਂ ਪ੍ਰਿਆ ਨੂੰ ਉਸ ਦੀ ਰੋਜ਼ਾਨਾ ਦੀ ਕਮਾਈ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਅਸੀਂ ਇੱਕ ਦਿਨ ਵਿੱਚ 2000 ਕੇਸ (ਬਾਕਸ) ਪੂਰੇ ਕਰਨੇ ਹਨ। ਸਾਨੂੰ ਇੱਕ ਕੇਸ ਲਈ 8.8 ਰੁਪਏ ਮਿਲਦੇ ਹਨ, ਜੋ ਅਸੀਂ ਸਾਰਿਆਂ ਵਿੱਚ ਵੰਡਣੇ ਹਨ। ਜਦੋਂ ਪ੍ਰਿਆ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੀ ਤਨਖਾਹ ਤੁਹਾਨੂੰ ਗੁਜ਼ਾਰਾ ਚਲਾਉਣ ਵਿੱਚ ਮਦਦ ਕਰਦੀ ਹੈ? ਤਾਂ ਉਸ ਨੇ ਕਿਹਾ ਕਿ ਹਾਂ, ਯਕੀਨੀ ਤੌਰ 'ਤੇ ਇਹ ਕਮਾਈ ਦਾ ਵਧੀਆ ਸਾਧਨ ਹੈ"।