ਨਵੀਂ ਦਿੱਲੀ: ਮੈਡੀਕਲ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦਾ ਸਾਹਮਣੇ ਆਇਆ ਹੈ, ਜਿੱਥੇ ਐਤਵਾਰ ਨੂੰ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਐੱਮ.ਡੀ. ਦੂਜੇ ਸਾਲ ਦਾ ਵਿਦਿਆਰਥੀ ਨਵਦੀਪ ਆਪਣੇ ਕਮਰੇ 'ਚ ਮ੍ਰਿਤਕ ਪਾਇਆ ਗਿਆ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕ ਵਿਦਿਆਰਥੀ ਨਾਨਕ ਸਿੰਘ ਵੈਦ ਦਾ ਪੋਤਰਾ ਸੀ। ਉਸ ਦਾ ਅੰਤਿਮ ਸਸਕਾਰ ਮਿਤੀ 16 ਸਤੰਬਰ ਸੋਮਵਾਰ ਨੂੰ ਸਵੇਰੇ 9:30 ਵਜੇ ਸ਼ਿਵਧਾਮ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ।
ਪੁਲਿਸ ਅਨੁਸਾਰ ਨਵਦੀਪ ਦੀ ਖੁਦਕੁਸ਼ੀ ਦੀ ਸੂਚਨਾ ਸਵੇਰੇ 7:10 ਵਜੇ ਮਿਲੀ। ਜਦੋਂ ਉਹ ਫ਼ੋਨ ਦਾ ਜਵਾਬ ਨਹੀਂ ਦੇ ਰਿਹਾ ਸੀ ਤਾਂ ਉਸ ਦੇ ਪਿਤਾ ਨੇ ਉਸ ਦੀ ਜਾਂਚ ਕਰਨ ਲਈ ਇੱਕ ਦੋਸਤ ਨੂੰ ਭੇਜਿਆ। ਜਦੋਂ ਦੋਸਤ ਨਵਦੀਪ ਦੇ ਕਮਰੇ ਵਿਚ ਪਹੁੰਚਿਆ ਤਾਂ ਉਸ ਨੇ ਦਰਵਾਜ਼ਾ ਅੰਦਰੋਂ ਬੰਦ ਦੇਖਿਆ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਪਤਾ ਲੱਗਾ ਕਿ ਪਹਿਲੀ ਨਜ਼ਰੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਮੂਲ ਰੂਪ ਤੋਂ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਫਿਲਹਾਲ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 2017 ਵਿੱਚ ਨਵਦੀਪ ਨੇ NEET ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।