ਅਰੁਣਾਚਲ ਪ੍ਰਦੇਸ਼/ਤੇਜਪੁਰ:ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲ੍ਹੇ ਦੇ ਸੇਪਾ ਦੇ ਇੱਕ ਹਸਪਤਾਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਵਿਅਕਤੀ ਨੇ ਉੱਥੇ ਦਾਖ਼ਲ ਹੋ ਕੇ ਉੱਥੇ ਮੌਜੂਦ ਲੋਕਾਂ 'ਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਹਮਲੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਹਮਲਾਵਰ ਦੀ ਪਤਨੀ ਅਤੇ ਉਸ ਦੀ ਦੋ ਸਾਲ ਦੀ ਬੇਟੀ ਵੀ ਮਰਨ ਵਾਲਿਆਂ ਵਿੱਚ ਸ਼ਾਮਿਲ ਹਨ।
ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਛੇ ਜ਼ਖ਼ਮੀਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ। ਪੂਰਬੀ ਕਾਮੇਂਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਕੇ ਸਿਕੋਮ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਹਮਲਾਵਰ, ਜਿਸ ਦੀ ਪਛਾਣ ਨਿਕਮ ਸੋਂਗਬੀਆ ਵਜੋਂ ਹੋਈ ਹੈ, ਸਵੇਰੇ ਕਰੀਬ 11.30 ਵਜੇ ਸੇਪਾ ਸਿਵਲ ਹਸਪਤਾਲ ਵਿੱਚ ਦਾਖਲ ਹੋਇਆ ਅਤੇ ਲੋਕਾਂ 'ਤੇ ਅੰਨ੍ਹੇਵਾਹ ਹਮਲਾ ਕਰਨਾ ਸ਼ੁਰੂ ਕਰ ਦਿੱਤਾ।