ਲੁਧਿਆਣਾ:ਰਾਏਕੋਟ ਦੇ ਪਿੰਡ ਸਾਹਜਹਾਨਪੁਰ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਮਕਾਨ ਦੇ ਨਾਲ ਲਗਦੇ ਪਲਾਟ ਵਿੱਚ ਪੋਸਤ(ਡੋਡਿਆਂ) ਦੀ ਖੇਤੀ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਰਾਏਕੋਟ ਸਦਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕੀਤੀ ਛਾਪੇਮਾਰੀ ਦੌਰਾਨ ਡੋਡਿਆਂ ਦੇ 460 ਪੌਦੇ ਬਰਾਮਦ ਕੀਤੇ ਗਏ ਹਨ।
ਪਲਾਟ ਵਿੱਚ ਪੋਸਤ ਦੇ ਬੂਟੇ: ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਸਐਚਓ ਸਦਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਕੱਲ੍ਹ ਦੇਰ ਸ਼ਾਮ ਪਿੰਡ ਬੱਸੀਆਂ ਵਿਖੇ ਗਸ਼ਤ ਦੌਰਾਨ ਪੁਲਿਸ ਪਾਰਟੀ ਸਮੇਤ ਖੜ੍ਹੇ ਥਾਣਾ ਸਦਰ ਰਾਏਕੋਟ ਦੇ ਏਐਸਆਈ ਜਗਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਸਾਹਜਾਹਨਪੁਰ ਦੇ ਵਸਨੀਕ ਚਰਨ ਸਿੰਘ ਉਰਫ਼ ਚਰਨਾ ਪੁੱਤਰ ਵਰਿਆਮ ਸਿੰਘ ਨੇ ਆਪਣੇ ਮਕਾਨ ਦੇ ਨਾਲ ਲਗਦੇ ਪਲਾਟ ਵਿੱਚ ਪੋਸਤ ਦੇ ਬੂਟੇ ਬੀਜੇ ਹੋਏ ਹਨ।
ਮੁਲਜ਼ਮ ਫਰਾਰ, ਭਾਲ ਜਾਰੀ: ਇਸ ਸੂਚਨਾ ਦੇ ਅਧਾਰ ’ਤੇ ਜਦੋਂ ਏਐਸਆਈ ਜਗਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਕਤ ਵਿਅਕਤੀ ਦੇ ਘਰ ਛਾਪਾ ਮਾਰਿਆ ਤਾਂ ਉਕਤ ਵਿਅਕਤੀ ਵੱਲੋਂ ਮਕਾਨ ਦੇ ਨਾਲ ਲਗਦੇ ਪਲਾਟ ਵਿੱਚ ਬੀਜੇ ਪੋਸਤ(ਡੋਡਿਆਂ) ਦੇ 460 ਪੌਦੇ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ 18 ਕਿਲੋ 780 ਗ੍ਰਾਮ ਬਣਿਆ ਪਰ ਇਸ ਦੌਰਾਨ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਰਾਏਕੋਟ ਸਦਰ ਪੁਲਿਸ ਨੇ ਉਕਤ ਵਿਅਕਤੀ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕਾਬੂ ਆਉਣ ਤੋਂ ਬਾਅਦ ਹੀ ਬਾਕੀ ਜਾਣਕਾਰੀ ਸਾਹਮਣੇ ਆਵੇਗੀ ਕਿ ਉਕਤ ਵਿਅਕਤੀ ਕਦੋਂ ਤੋਂ ਇਸ ਤਰ੍ਹਾਂ ਦਾ ਕੰਮ ਕਰਦਾ ਹੈ।
ਦੱਸ ਦਈਏ ਬੀਤੇ ਦਿਨੀ ਵੀ ਜ਼ਿਲ੍ਹਾ ਫਾਜ਼ਿਲਕਾ 'ਚ ਪੈਂਦੇ ਜਲਾਲਾਬਾਦ ਦੇ ਸਰਹੱਦੀ ਪਿੰਡ ਢਾਣੀ ਬਚਨ ਸਿੰਘ ਵਿਖੇ ਪੁਲਿਸ ਅਤੇ ਬੀ ਐਸ ਐਫ ਦੇ ਵੱਲੋਂ ਸਾਂਝੇ ਤੌਰ ਉੱਤੇ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਅਧਾਰ ਉੱਤੇ ਪਿੰਡ ਢਾਣੀ ਬਚਨ ਸਿੰਘ ਵਿਖੇ ਇੱਕ ਕਿਸਾਨ ਦੇ ਖੇਤਾਂ ਵਿੱਚ ਸਰਚ ਕੀਤੀ ਗਈ ਤਾਂ 1200 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਹੋਏ ਸਨ। ਇਨ੍ਹਾਂ ਬੂਟਿਆਂ ਦਾ ਵਜ਼ਨ 13 ਕਿਲੋ 400 ਗ੍ਰਾਮ ਸੀ।