ਜਲਪਾਈਗੁੜੀ: ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਨੂੰ ਤੇਜ਼ ਤੂਫ਼ਾਨ ਨੇ ਤਬਾਹੀ ਮਚਾਈ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 70 ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਅਤੇ ਨੇੜਲੇ ਮੈਨਾਗੁੜੀ ਦੇ ਕਈ ਖੇਤਰਾਂ ਵਿੱਚ ਤੇਜ਼ ਹਵਾਵਾਂ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਰਾਜਾਹਾਟ, ਬਰਨੀਸ਼, ਬਕਾਲੀ, ਜੋਰਪਕੜੀ, ਮਾਧਬਦੰਗਾ ਅਤੇ ਸਪਤੀਬਾੜੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੇਨਪਾੜਾ ਦੇ ਦਿਜੇਂਦਰ ਨਰਾਇਣ ਸਰਕਾਰ (52), ਪਹਾੜਪੁਰ ਦੀ ਅਨੀਮਾ ਬਰਮਨ (45), ਪੁਟੀਮਾਰੀ ਦੇ ਜਗਨ ਰਾਏ (72) ਅਤੇ ਰਾਜਾਹਾਟ ਦੇ ਸਮਰ ਰਾਏ (64) ਵਜੋਂ ਹੋਈ ਹੈ। ਆਫਤ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ 'ਬਚਾਅ ਕਾਰਜ ਜਾਰੀ ਹਨ।
ਧੂਪਗੁੜੀ ਦੇ ਵਿਧਾਇਕ ਨਿਰਮਲ ਚੰਦਰ ਰਾਏ ਨੇ ਦੱਸਿਆ ਕਿ ਕਈ ਲੋਕਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਰਾਹਤ ਕਾਰਜਾਂ ਲਈ ਸਿਵਲ ਪ੍ਰਸ਼ਾਸਨ, ਪੁਲਿਸ ਅਤੇ ਆਫ਼ਤ ਪ੍ਰਬੰਧਨ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਵਿੱਕ ਰਿਸਪਾਂਸ ਟੀਮਾਂ (ਕਿਊਆਰਟੀ) ਵੀ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।
ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਇਹ ਜਾਣ ਕੇ ਦੁੱਖ ਹੋਇਆ ਕਿ ਅੱਜ ਦੁਪਹਿਰ ਅਚਾਨਕ ਭਾਰੀ ਬਾਰਿਸ਼ ਅਤੇ ਤੁਫ਼ਾਨੀ ਹਵਾਵਾਂ ਨੇ ਜਲਪਾਈਗੁੜੀ-ਮੈਨਾਗੁੜੀ ਦੇ ਕੁਝ ਇਲਾਕਿਆਂ ਵਿੱਚ ਕੁਦਰਤੀ ਆਫ਼ਤ ਆ ਗਈ। ਜਿਸ ਵਿੱਚ ਮਾਨਵ ਜੀਵਨ ਦੀ ਹਾਨੀ, ਸੱਟਾਂ, ਘਰ ਦੀਆਂ ਸੱਤਾਂ, ਦਰੱਖ਼ਤ ਅਤੇ ਬਿਜਲੀ ਦੇ ਥੰਮ੍ਹ ਉਖੜ ਗਏ।
ਉਨ੍ਹਾਂ ਕਿਹਾ ਕਿ 'ਜ਼ਿਲ੍ਹਾ ਪ੍ਰਸ਼ਾਸਨ ਮਰਨ ਵਾਲਿਆਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਨਿਯਮਾਂ ਅਨੁਸਾਰ ਅਤੇ ਐਮਸੀਸੀ (ਮਾਡਲ ਕੋਡ ਆਫ਼ ਕੰਡਕਟ) ਦੀ ਪਾਲਣਾ ਕਰਦਿਆਂ ਮੁਆਵਜ਼ਾ ਮੁਹੱਈਆ ਕਰਵਾਏਗਾ।' ਇਹ ਕਹਿੰਦੇ ਹੋਏ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਹਨ, ਬੈਨਰਜੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਹਰ ਤਰ੍ਹਾਂ ਦੀ ਮਦਦ ਕਰੇਗਾ।