ਰਾਜਕੋਟ: ਗੁਜਰਾਤ 'ਚ ਰਾਜਕੋਟ-ਅਹਿਮਦਾਬਾਦ ਹਾਈਵੇਅ 'ਤੇ ਮਲਿਆਸਨ ਪਿੰਡ 'ਚ ਮੰਗਲਵਾਰ ਨੂੰ ਇਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅਹਿਮਦਾਬਾਦ ਤੋਂ ਰਾਜਕੋਟ ਵੱਲ ਜਾ ਰਹੇ ਉੱਤਰ ਪ੍ਰਦੇਸ਼ ਦੇ ਟਰੱਕ ਡਰਾਈਵਰ ਨੇ ਗਲਤ ਸਾਈਡ 'ਤੇ ਆ ਕੇ ਸਾਹਮਣੇ ਤੋਂ ਆ ਰਹੇ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਮਰਨ ਵਾਲਿਆਂ ਵਿੱਚ ਇੱਕ ਸੱਤ ਸਾਲ ਦੀ ਬੱਚੀ ਵੀ ਸ਼ਾਮਲ ਹੈ। ਮਰਨ ਵਾਲੇ ਜ਼ਿਆਦਾਤਰ ਨਵਾਗਾਮ ਆਨੰਦ ਪਾਰ ਇਲਾਕੇ ਦੇ ਰਹਿਣ ਵਾਲੇ ਹਨ।
ਹਾਦਸੇ ਵਿੱਚ ਆਟੋ ਰਿਕਸ਼ਾ ਚਾਲਕ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਰਾਜਕੋਟ ਤੋਂ ਅਹਿਮਦਾਬਾਦ ਨੂੰ ਜਾਂਦੇ ਸਮੇਂ ਹਾਈਵੇਅ 'ਤੇ ਮਲਿਆਸਨ ਪਿੰਡ ਨੇੜੇ 5 ਤੋਂ 6 ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਹਾਦਸੇ ਦੀ ਸੂਚਨਾ ਮਿਲਣ 'ਤੇ ਰਾਜਕੋਟ ਸਿਟੀ ਪੁਲਿਸ ਕਮਿਸ਼ਨਰ ਬ੍ਰਜੇਸ਼ ਕੁਮਾਰ ਝਾਅ, ਡੀਸੀਪੀ ਟ੍ਰੈਫਿਕ ਅਤੇ ਡੀਸੀਪੀ ਜ਼ੋਨ 1 ਮੌਕੇ 'ਤੇ ਪਹੁੰਚੇ।