ਭੁਵਨੇਸ਼ਵਰ: ਇੱਕ ਪਾਸੇ ਦੇਸ਼ 'ਚ ਜਿੱਥੇ ਲੋਕ ਠੰਢ ਨੇ ਠਾਰੇ ਹਨ ਤਾਂ ਦੂਜੇ ਪਾਸੇ ਓਡੀਸ਼ਾ ਵਿੱਚ ਹੁਣ ਤੋਂ ਹੀ ਅੱਤ ਦੀ ਗਰਮੀ ਸ਼ੁਰੂ ਹੋ ਗਈ ਹੈ। ਇਸ ਸਮੇਂ ਫਰਵਰੀ ਮਹੀਨੇ ਦਾ ਪਹਿਲਾ ਹਫਤਾ ਸ਼ੁਰੂ ਹੋਇਆ ਹੈ, ਅਜਿਹੇ 'ਚ ਸੂਬੇ 'ਚ ਲੂ ਦੀ ਸਥਿਤੀ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਪੈਦਾ ਹੋਣ ਵਾਲੀ ਸਥਿਤੀ ਬਹੁਤ ਚਿੰਤਾਜਨਕ ਹੋ ਸਕਦੀ ਹੈ। ਉੰਝ ਦੇਖਿਆ ਜਾਵੇ ਤਾਂ ਆਮ ਤੌਰ 'ਤੇ ਇਸ ਮਹੀਨੇ ਤਾਪਮਾਨ ਥੋੜ੍ਹਾ ਠੰਢਾ ਹੀ ਰਹਿੰਦਾ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਦੇ ਅਨੁਸਾਰ, 27 ਜਨਵਰੀ ਨੂੰ ਕੋਰਾਪੁਟ ਵਿੱਚ ਦਿਨ ਦੇ ਤਾਪਮਾਨ ਨੇ 52 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਇਸੇ ਤਰ੍ਹਾਂ 31 ਜਨਵਰੀ ਨੂੰ ਭਵਾਨੀਪਟਨਾ ਅਤੇ ਝਾਰਸੁਗੁੜਾ ਵਿੱਚ ਵੀ ਰਿਕਾਰਡ ਤੋੜ ਤਾਪਮਾਨ ਦਰਜ ਕੀਤਾ ਗਿਆ ਸੀ। 31 ਜਨਵਰੀ ਨੂੰ ਭਵਾਨੀਪਟਨਾ ਵਿੱਚ 34 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਪਿਛਲੇ ਪੰਜ ਦਹਾਕਿਆਂ ਵਿੱਚ ਦੂਜਾ ਸਭ ਤੋਂ ਵੱਧ ਤਾਪਮਾਨ ਹੈ।
ਇਸ ਦੌਰਾਨ ਰਾਜਧਾਨੀ ਭੁਵਨੇਸ਼ਵਰ ਨੇ ਫਰਵਰੀ ਦੇ ਪਹਿਲੇ ਹਫ਼ਤੇ 34.9 ਡਿਗਰੀ ਤਾਪਮਾਨ ਦਰਜ ਕਰਕੇ 21 ਸਾਲ ਦਾ ਰਿਕਾਰਡ ਤੋੜ ਦਿੱਤਾ। ਪਿਛਲੇ ਸਾਲ ਅਪ੍ਰੈਲ ਮਹੀਨੇ ਅੰਦਰ ਭੁਵਨੇਸ਼ਵਰ ਵਿੱਚ ਲਗਾਤਾਰ 16 ਦਿਨਾਂ ਤੱਕ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ ਅਤੇ ਇਸ ਸਾਲ ਵੀ ਸ਼ਹਿਰ ਨੂੰ ਭਿਆਨਕ ਗਰਮੀ ਦੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ... IMD ਦੀ ਭਵਿੱਖਬਾਣੀ
ਰਿਪੋਰਟ ਅਨੁਸਾਰ ਸੂਬੇ ਵਿੱਚ ਖਾਸ ਕਰਕੇ ਅੰਦਰੂਨੀ ਇਲਾਕਿਆਂ ਵਿੱਚ ਪਾਰਾ ਆਮ ਨਾਲੋਂ ਛੇ ਡਿਗਰੀ ਵੱਧ ਹੈ ਅਤੇ ਫਰਵਰੀ ਮਹੀਨੇ ਦੌਰਾਨ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਭੁਵਨੇਸ਼ਵਰ ਵਿੱਚ ਆਈਐਮਡੀ ਖੇਤਰੀ ਕੇਂਦਰ ਦੀ ਡਾਇਰੈਕਟਰ ਮਨੋਰਮਾ ਮੋਹੰਤੀ ਨੇ ਕਿਹਾ ਕਿ ਤੱਟਵਰਤੀ ਅਤੇ ਅੰਦਰੂਨੀ ਖੇਤਰ ਦੋਵੇਂ ਬੇਮੌਸਮੀ ਗਰਮੀ ਦੀ ਲਪੇਟ ਵਿੱਚ ਹਨ। ਝਾਰਸੁਗੁੜਾ, ਸੰਬਲਪੁਰ, ਬਰਗੜ੍ਹ, ਬੋਧ, ਸੋਨਪੁਰ, ਬੋਲਾਂਗੀਰ ਅਤੇ ਗਜਪਤੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ 5 ਤੋਂ 6 ਡਿਗਰੀ ਵੱਧ ਰਿਹਾ ਹੈ। ਭੁਵਨੇਸ਼ਵਰ ਅਤੇ ਕਟਕ ਵਿੱਚ ਵੀ ਪਿਛਲੇ ਕੁਝ ਦਿਨਾਂ ਵਿੱਚ ਗਰਮੀ ਵਿੱਚ ਅਸਾਧਾਰਨ ਵਾਧਾ ਹੋਇਆ ਹੈ।
ਆਈਐਮਡੀ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੀ ਲਹਿਰ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਫਰਵਰੀ ਦੇ ਤੀਜੇ ਹਫ਼ਤੇ ਤੱਕ ਤਾਪਮਾਨ ਆਮ ਨਾਲੋਂ ਲਗਭਗ 10 ਡਿਗਰੀ ਵੱਧ ਹੋਣ ਦੀ ਸੰਭਾਵਨਾ ਹੈ। ਮਨੋਰਮਾ ਮੋਹੰਤੀ ਨੇ ਕਿਹਾ ਕਿ ਤੱਟਵਰਤੀ ਖੇਤਰਾਂ ਦੀ ਤੁਲਨਾ 'ਚ ਓਡੀਸ਼ਾ ਦੇ ਅੰਦਰੂਨੀ ਇਲਾਕਿਆਂ 'ਚ ਤੇਜ਼ ਗਰਮੀ ਪੈ ਰਹੀ ਹੈ।
ਫਰਵਰੀ ਦੇ ਤੀਜੇ ਹਫ਼ਤੇ ਤੱਕ ਤਾਪਮਾਨ ਆਮ ਨਾਲੋਂ 10 ਡਿਗਰੀ ਵੱਧ ਹੋਵੇਗਾ। ਇਸ ਦੌਰਾਨ ਅਗਲੇ ਤਿੰਨ ਦਿਨਾਂ 'ਚ ਸੰਘਣੀ ਧੁੰਦ ਦੇ ਨਾਲ-ਨਾਲ ਤਾਪਮਾਨ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਅਤੇ ਵਿਜ਼ੀਬਿਲਟੀ ਦੀ ਖ਼ਰਾਬ ਸਥਿਤੀ ਦਾ ਹਵਾਲਾ ਦਿੰਦੇ ਹੋਏ, ਬਾਲਾਸੋਰ, ਭਦਰਕ, ਕੇਂਦਰਪਾੜਾ, ਜਗਤਸਿੰਘਪੁਰ, ਕਟਕ, ਜਾਜਪੁਰ, ਕੇਓਂਝਾਰ, ਅੰਗੁਲ, ਢੇਨਕਨਲ, ਨਯਾਗੜ੍ਹ, ਖੋਰਧਾ ਅਤੇ ਗੰਜਮ ਜ਼ਿਲ੍ਹਿਆਂ ਸਮੇਤ 12 ਜ਼ਿਲ੍ਹਿਆਂ ਲਈ ਇੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਈਐਮਡੀ ਨੇ ਇਸ ਸਾਲ ਭਾਰਤ ਵਿੱਚ ਅੱਤ ਗਰਮੀ ਦੀ ਭਵਿੱਖਬਾਣੀ ਕੀਤੀ ਹੈ।