ਅਮਰਾਵਤੀ/ਆਂਧਰਾ ਪ੍ਰਦੇਸ਼:ਆਂਧਰਾ ਪ੍ਰਦੇਸ਼ ਦੇ ਅਨਕਾਪੱਲੀ 'ਚ ਇੱਕ ਫਾਰਮਾਸਿਊਟੀਕਲ ਕੰਪਨੀ ਦੀ ਫੈਕਟਰੀ 'ਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ 'ਚ 17 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅਚਯੁਤਾਪੁਰਮ SEZ 'ਚ Essentia ਕੰਪਨੀ ਦੇ ਰਿਐਕਟਰ 'ਚ ਧਮਾਕਾ ਹੋਇਆ ਹੈ। ਰਿਐਕਟਰ 'ਚ ਧਮਾਕਾ ਦੁਪਹਿਰ ਦੇ ਖਾਣੇ ਦੇ ਸਮੇਂ ਹੋਇਆ।
ਇਸ ਘਟਨਾ ਵਿੱਚ ਕੁੱਲ ਇੱਕ ਦਰਜਨ ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ, ਜਦੋਂਕਿ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੌਰਾਨ ਜ਼ਖਮੀਆਂ ਦਾ ਅਨਕਾਪੱਲੀ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਰਿਪੋਰਟ ਦੇ ਮੁਤਾਬਕ, ਧਮਾਕੇ ਨਾਲ ਫਾਰਮਾਸਿਊਟੀਕਲ ਕੰਪਨੀ ਦੇ ਨੇੜੇ ਰਹਿਣ ਵਾਲੇ ਪਿੰਡ ਵਾਸੀ ਡਰ ਗਏ ਸਨ, ਫਿਲਹਾਲ ਅਧਿਕਾਰੀ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦੁੱਖ ਪ੍ਰਗਟ ਕੀਤਾ:ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਉਪਾਅ ਕਰਨ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਭਲਕੇ ਅਨਕਾਪੱਲੀ ਜ਼ਿਲ੍ਹੇ ਦੇ ਅਚਯੁਤਾਪੁਰਮ ਦਾ ਦੌਰਾ ਕਰਨਗੇ ਅਤੇ ਫਾਰਮਾ ਕੰਪਨੀ ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਮਿਲਣਗੇ। ਉਹ ਹਾਦਸੇ ਵਾਲੀ ਥਾਂ ਦਾ ਮੁਆਇਨਾ ਵੀ ਕਰਨਗੇ।
ਇਸ ਦੌਰਾਨ ਆਂਧਰਾ ਪ੍ਰਦੇਸ਼ ਦੀ ਗ੍ਰਹਿ ਮੰਤਰੀ ਅਨੀਤਾ ਨੇ SEZ ਵਿੱਚ ਵਾਪਰੀ ਘਟਨਾ ਤੋਂ ਬਾਅਦ ਅਨਕਾਪੱਲੀ ਦੇ ਕਲੈਕਟਰ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਫਾਰਮਾ ਕੰਪਨੀ ਵਿੱਚ ਹੋਏ ਹਾਦਸੇ ਬਾਰੇ ਜਾਣਕਾਰੀ ਲਈ। ਇਸ ਤੋਂ ਇਲਾਵਾ ਪੀੜਤਾਂ ਦਾ ਵਧੀਆ ਇਲਾਜ ਕਰਵਾਉਣ ਦੇ ਆਦੇਸ਼ ਵੀ ਦਿੱਤੇ।