ਨਵੀਂ ਦਿੱਲੀ :ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ’ਚ ਪਾਰਟੀ ਉਮੀਦਵਾਰ ਦੇ ਤੌਰ ’ਤੇ ਅਪਣੀ ਸ਼ੁਰੂਆਤ ਕਰਨਗੇ। ਕਾਂਗਰਸ ਨੇ ਵਾਇਨਾਡ ਅਤੇ ਕੇਰਲ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿੱਚ ਪ੍ਰਿਯੰਕਾ ਗਾਂਧੀ ਦਾ ਨਾਮ ਵੀ ਸ਼ਾਮਿਲ ਹੈ। ਹਾਲਾਂਕਿ, ਪਾਰਟੀ ਨੇ ਜੂਨ ’ਚ ਹੀ ਐਲਾਨ ਕਰ ਦਿਤਾ ਸੀ ਕਿ ਉਹ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਵਾਇਨਾਡ ਸੀਟ ਤੋਂ ਚੋਣ ਲੜਨਗੇ।
ਜੇਕਰ ਪ੍ਰਿਯੰਕਾ ਗਾਂਧੀ ਵਾਡਰਾ ਵਾਇਨਾਡ ਤੋਂ ਚੁਣੀ ਜਾਂਦੀ ਹੈ ਤਾਂ ਉਹ ਪਹਿਲੀ ਵਾਰ ਕਿਸੇ ਸਦਨ ਦੀ ਮੈਂਬਰ ਬਣਨਗੇ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮ ਸਿਆਸਤ ’ਚ ਦਾਖ਼ਲਾ ਲਿਆ। ਉਦੋਂ ਤੋਂ ਉਹ ਪਾਰਟੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਚੋਣ ਕਮਿਸ਼ਨ ਵਲੋਂ ਵਾਇਨਾਡ ਲੋਕ ਸਭਾ ਉਪ ਚੋਣ ਦੇ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਤੋਂ ਤੁਰਤ ਬਾਅਦ ਕਾਂਗਰਸ ਨੇ ਪ੍ਰਿਯੰਕਾ ਗਾਂਧੀ ਦੀ ਉਮੀਦਵਾਰੀ ਵਾਲੀ ਸੂਚੀ ਜਾਰੀ ਕਰ ਦਿੱਤੀ। ਕੇਰਲ ਦੀ ਚੇਲੱਕਰਾ ਵਿਧਾਨ ਸਭਾ ਸੀਟ ’ਤੇ ਉਪ ਚੋਣ ’ਚ ਸਾਬਕਾ ਸੰਸਦ ਮੈਂਬਰ ਰਾਮਿਆ ਹਰਿਦਾਸ ਅਤੇ ਰਾਹੁਲ ਮਮਕੁਟਾਥਿਲ ਨੂੰ ਪਲੱਕੜ ਤੋਂ ਟਿਕਟ ਦਿੱਤੀ ਗਈ ਹੈ।
ਲੋਕ ਸਭਾ ਚੋਣਾਂ ਤੋਂ ਕੁੱਝ ਦਿਨ ਬਾਅਦ ਜੂਨ ’ਚ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੰਸਦੀ ਸੀਟ ਅਪਣੇ ਕੋਲ ਰੱਖਣਗੇ ਅਤੇ ਕੇਰਲ ਦੀ ਵਾਇਨਾਡ ਸੀਟ ਖਾਲੀ ਕਰਨਗੇ, ਜਿੱਥੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਚੋਣ ਮੈਦਾਨ ’ਚ ਉਤਰੇਗੀ। ਇਹ ਵੀ ਪਹਿਲੀ ਵਾਰ ਹੋਵੇਗਾ ਕਿ ਗਾਂਧੀ ਪਰਵਾਰ ਦੇ ਤਿੰਨ ਮੈਂਬਰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸੰਸਦ ’ਚ ਇਕੱਠੇ ਹੋਣਗੇ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਵਾਇਨਾਡ ਅਤੇ ਨਾਂਦੇੜ ਲੋਕ ਸਭਾ ਸੀਟਾਂ ਦੇ ਨਾਲ 48 ਵਿਧਾਨ ਸਭਾ ਹਲਕਿਆਂ ਲਈ ਉਪ ਚੋਣਾਂ ਦਾ ਐਲਾਨ ਕੀਤਾ। ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਨਾਲ ਵਾਇਨਾਡ ਸੰਸਦੀ ਸੀਟ ਅਤੇ 47 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ 13 ਨਵੰਬਰ ਨੂੰ ਹੋਣਗੀਆਂ।
ਪ੍ਰਿਯੰਕਾ ਗਾਂਧੀ ਨੂੰ ਪਹਿਲਾਂ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਭਾਵਤ ਚੁਨੌਤੀ ਦੇਣ ਵਾਲੇ ਅਤੇ ਰਾਏਬਰੇਲੀ ਦੇ ਪਰਵਾਰ ਕ ਗੜ੍ਹ ਰਾਏਬਰੇਲੀ ’ਚ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਦੀ ਉੱਤਰਾਧਿਕਾਰੀ ਵਜੋਂ ਪੇਸ਼ ਕੀਤਾ ਗਿਆ ਸੀ। ਹਾਲਾਂਕਿ, ਕਾਂਗਰਸ ਨੇ ਉਨ੍ਹਾਂ ਨੂੰ ਵਾਇਨਾਡ ਸੰਸਦੀ ਸੀਟ ਤੋਂ ਚੋਣ ਮੈਦਾਨ ’ਚ ਉਤਾਰਨ ਦਾ ਫੈਸਲਾ ਕੀਤਾ ਹੈ, ਜਿੱਥੋਂ ਉਨ੍ਹਾਂ ਦੇ ਭਰਾ ਰਾਹੁਲ ਨੇ ਲਗਾਤਾਰ ਦੋ ਚੋਣਾਂ ਜਿੱਤੀਆਂ ਸਨ। ਪ੍ਰਿਯੰਕਾ ਗਾਂਧੀ ਪਹਿਲਾਂ ਉੱਤਰ ਪ੍ਰਦੇਸ਼ ਦੀ ਕਾਂਗਰਸ ਇੰਚਾਰਜ ਸੀ। ਇਸ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੇ ਰਾਏਬਰੇਲੀ ਅਤੇ ਅਮੇਠੀ ’ਚ ਕਾਂਗਰਸ ਦੀ ਜਿੱਤ ’ਚ ਵੱਡੀ ਭੂਮਿਕਾ ਨਿਭਾਈ।