ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ੍ਅਹੁਦਾ ਸੰਭਾਲ ਲਿਆ ਹੈ। ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਲਈ ਆਪਣੀ ਪਹਿਲੀ ਫਾਈਲ 'ਤੇ ਦਸਤਖਤ ਕੀਤੇ। ਇਸ ਨਾਲ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਲਗਭਗ 20,000 ਕਰੋੜ ਰੁਪਏ ਵੰਡੇ ਜਾਣਗੇ। ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਨਰਿੰਦਰ ਮੋਦੀ ਸੋਮਵਾਰ ਨੂੰ ਸਾਊਥ ਬਲਾਕ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਪਹੁੰਚੇ। ਹੁਣ ਸਾਰਿਆਂ ਦੀ ਨਜ਼ਰ ਵਿਭਾਗਾਂ ਦੀ ਵੰਡ 'ਤੇ ਹੈ।
71 ਮੰਤਰੀਆਂ ਦੇ ਨਾਲ ਅਹੁਦੇ ਦੀ ਸਹੁੰ ਚੁੱਕੀ: ਨਵੀਂ ਕੈਬਨਿਟ ਵਿੱਚ 30 ਕੈਬਨਿਟ ਮੰਤਰੀ, 5 ਰਾਜ ਮੰਤਰੀ ਸੁਤੰਤਰ ਚਾਰਜ ਵਾਲੇ ਅਤੇ 36 ਰਾਜ ਮੰਤਰੀ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਨਵੇਂ ਮੰਤਰੀਆਂ ਦੀ ਪਹਿਲੀ ਕੈਬਨਿਟ ਮੀਟਿੰਗ ਦਿਨ ਵੇਲੇ ਹੋਣ ਦੀ ਸੰਭਾਵਨਾ ਹੈ। ਐਤਵਾਰ ਸ਼ਾਮ ਨੂੰ ਰਾਸ਼ਟਰਪਤੀ ਭਵਨ 'ਚ ਆਯੋਜਿਤ ਸਮਾਰੋਹ 'ਚ ਪ੍ਰਧਾਨ ਮੰਤਰੀ ਮੋਦੀ ਨੇ 71 ਮੰਤਰੀਆਂ ਦੇ ਨਾਲ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ।