ਹੈਦਰਾਬਾਦ: ਕੇਂਦਰ ਦੀ ਮੋਦੀ ਸਰਕਾਰ ਵੀਰਵਾਰ 3 ਅਕਤੂਬਰ ਤੋਂ ਪੀਐੱਮ ਇੰਟਰਨਸ਼ਿਪ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਸਕੀਮ ਤਹਿਤ ਕੰਪਨੀਆਂ ਉਮੀਦਵਾਰਾਂ ਤੋਂ ਅਰਜ਼ੀਆਂ ਮੰਗ ਸਕਦੀਆਂ ਹਨ। ਜਾਣਕਾਰੀ ਅਨੁਸਾਰ ਇਸ ਪੋਰਟਲ ਲਈ 12 ਅਕਤੂਬਰ ਤੋਂ ਇਛੁੱਕ ਇੰਟਰਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਬਿਨੈਕਾਰ ਨੂੰ ਇੱਕ ਫਾਰਮ ਭਰਨਾ ਹੋਵੇਗਾ, ਜਿਸ ਵਿੱਚ ਉਸ ਨੂੰ ਆਪਣੇ ਹੁਨਰ ਅਤੇ ਰੁਚੀਆਂ ਬਾਰੇ ਜਾਣਕਾਰੀ ਦੇਣੀ ਹੋਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦਾ ਇਹ ਪੋਰਟਲ ਖੁਦ ਤੁਹਾਨੂੰ ਇਹ ਜਾਣਕਾਰੀ ਦੇਵੇਗਾ ਕਿ ਤੁਸੀਂ ਕਿਸ ਕੰਪਨੀ ਲਈ ਯੋਗ ਹੋ। ਇਸ ਦੇ ਨਾਲ ਹੀ ਤੁਹਾਡਾ ਸੀਵੀ ਵੀ ਆਪਣੇ ਆਪ ਤਿਆਰ ਹੋ ਜਾਵੇਗਾ।
ਦੱਸ ਦੇਈਏ ਕਿ ਇੰਟਰਨਸ਼ਿਪ ਕਰ ਰਹੇ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੇ ਪ੍ਰੋਫਾਈਲ, ਦਿਲਚਸਪੀ ਅਤੇ ਯੋਗਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਤੋਂ ਬਾਅਦ ਕੰਪਨੀਆਂ ਉਨ੍ਹਾਂ ਦੀ ਚੋਣ ਕਰਨਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਅਗਲੇ 5 ਸਾਲਾਂ ਵਿੱਚ ਲਗਭਗ 1 ਕਰੋੜ ਲੋਕਾਂ ਨੂੰ ਸਿਖਲਾਈ ਦੇਣ ਦਾ ਟੀਚਾ ਰੱਖਿਆ ਹੈ।
ਜਾਣੋ ਕੌਣ ਲੈ ਸਕਦਾ ਹੈ ਇਸ ਸਕੀਮ ਦਾ ਲਾਭ
- ਅਪਲਾਈ ਕਰਨ ਵਾਲਾ ਬਿਨੈਕਾਰ 10ਵੀਂ ਪਾਸ ਹੋਣਾ ਚਾਹੀਦਾ ਹੈ।
- ਉਨ੍ਹਾਂ ਦੀ ਉਮਰ 21 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿੱਚ ਨਾ ਹੋਵੇ।
- ਕੋਈ ਵੀ ਮੈਂਬਰ ਇਨਕਮ ਟੈਕਸ ਨਹੀਂ ਭਰਦਾ।
- ਪਰਿਵਾਰ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
- ਇੰਟਰਨਸ਼ਿਪ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਰਸ ਕਰਨ ਦੀ ਮਨਾਹੀ ਹੋਵੇਗੀ।
- ਆਈਆਈਟੀ, ਆਈਆਈਐਮ ਅਤੇ ਫੁੱਲ ਟਾਈਮ ਨੌਕਰੀ ਕਰਨ ਵਾਲੇ ਇਹ ਇੰਟਰਨਸ਼ਿਪ ਨਹੀਂ ਕਰ ਸਕਣਗੇ।