ਨਵੀਂ ਦਿੱਲੀ:ਘਰ ਨਿਕਲੋ ਅਤੇ ਕੁਝ ਕਿਲੋਮੀਟਰ ਬਾਅਦ ਟੋਲ ਦਾ ਭੁਗਤਾਨ ਕਰੋ। ਫਿਰ ਥੋੜਾ ਹੋਰ ਅੱਗੇ ਵਧੋ, ਇੱਕ ਹੋਰ ਟੋਲ ਤੁਹਾਡੀ ਉਡੀਕ ਕਰ ਰਿਹਾ ਹੈ। ਜੇਕਰ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਕਰਨੀ ਪਵੇ ਤਾਂ ਤੁਹਾਡੀ ਜੇਬ ਹਲਕੀ ਕਰਨੀ ਪੈਂਦੀ ਹੈ। ਰਾਸ਼ਟਰੀ ਰਾਜਮਾਰਗਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਇਹ ਰੋਜ਼ਾਨਾ ਦੀ ਕਹਾਣੀ ਹੈ। ਪਰ ਜਲਦੀ ਹੀ ਇਸ ਤੋਂ ਰਾਹਤ ਮਿਲ ਸਕਦੀ ਹੈ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਟੋਲ ਨੂੰ ਲੈ ਕੇ ਜਲਦ ਹੀ ਵੱਡਾ ਐਲਾਨ ਕਰਨ ਜਾ ਰਹੀ ਹੈ, ਜਿਸ ਨਾਲ ਯਾਤਰੀਆਂ ਦੀਆਂ ਮੁਸ਼ਕਲਾਂ ਘੱਟ ਹੋਣਗੀਆਂ।
ਜਲਦ ਹੋਵੇਗਾ ਨਵੀਂ ਸਕੀਮ ਦਾ ਐਲਾਨ:
ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ, "ਸਾਡੀ ਖੋਜ ਪੂਰੀ ਹੋ ਗਈ ਹੈ ਅਤੇ ਜਲਦੀ ਹੀ ਇਸ ਸਕੀਮ ਦਾ ਐਲਾਨ ਕੀਤਾ ਜਾਵੇਗਾ।" ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਰਾਸ਼ਟਰੀ ਰਾਜਮਾਰਗਾਂ 'ਤੇ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (ਜੀ.ਐੱਨ.ਐੱਸ.ਐੱਸ.) ਆਧਾਰਿਤ ਟੋਲ ਉਗਰਾਹੀ ਪ੍ਰਣਾਲੀ ਸ਼ੁਰੂ ਕਰਨ 'ਤੇ ਕੰਮ ਕਰ ਰਹੀ ਹੈ। ਇਸ ਨਾਲ ਰਾਸ਼ਟਰੀ ਰਾਜਮਾਰਗਾਂ 'ਤੇ ਆਵਾਜਾਈ 'ਚ ਆਸਾਨੀ ਹੋਵੇਗੀ। ਗਡਕਰੀ ਨੇ ਮੰਨਿਆ ਕਿ ਲੋਕ ਟੋਲ ਵਸੂਲੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ।