ਸ਼ਿਮਲਾ: ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਧਰਮਸ਼ਾਲਾ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੀ ਟਿਕਟ 'ਤੇ ਵਿਧਾਨ ਸਭਾ ਉਪ ਚੋਣ ਲੜ ਰਹੇ ਸੁਧੀਰ ਸ਼ਰਮਾ ਵੱਲੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਖ਼ਿਲਾਫ਼ ਦਾਇਰ ਮਾਣਹਾਨੀ ਦੇ ਕੇਸ ਵਿੱਚ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਦੇ ਐਡੀਸ਼ਨਲ ਰਜਿਸਟਰਾਰ ਨੇ ਇਸ ਮਾਣਹਾਨੀ ਨਾਲ ਸਬੰਧਤ ਸਿਵਲ ਕੇਸ ਦਾ ਨੋਟਿਸ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਜਾਰੀ ਕੀਤਾ ਹੈ, ਜਿਨ੍ਹਾਂ ਨੂੰ ਇਸ ਕੇਸ ਵਿੱਚ ਪ੍ਰਤੀਵਾਦੀ ਬਣਾਇਆ ਗਿਆ ਹੈ।
ਸੁਖਵਿੰਦਰ ਸਿੰਘ ਸੁੱਖੂ ਨੇ ਲਾਏ ਇਲਜ਼ਾਮ : ਸੁਧੀਰ ਸ਼ਰਮਾ ਨੇ ਪਹਿਲਾਂ ਕਾਨੂੰਨੀ ਨੋਟਿਸ ਜਾਰੀ ਕਰਕੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੋਂ ਮੁਆਫੀ ਮੰਗਣ ਅਤੇ 5 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਸੁਧੀਰ ਸ਼ਰਮਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਭਾਸ਼ਣਾਂ ਵਿੱਚ ਵਾਰ-ਵਾਰ ਉਨ੍ਹਾਂ ’ਤੇ ਚਿੱਕੜ ਉਛਾਲਿਆ। ਸੁਧੀਰ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ 'ਤੇ ਕਈ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਬਦਨਾਮੀ ਹੋਈ ਹੈ। ਸੁਧੀਰ ਸ਼ਰਮਾ ਵੱਲੋਂ ਦਾਇਰ ਕੇਸ ਮੁਤਾਬਕ ਸੀ.ਐਮ ਸੁੱਖੂ ਨੇ ਉਸ 'ਤੇ ਕਈ ਝੂਠੇ ਦੋਸ਼ ਲਾਏ ਹਨ ਅਤੇ ਗਲਤ ਟਿੱਪਣੀਆਂ ਕੀਤੀਆਂ ਹਨ।