ਨਵੀਂ ਦਿੱਲੀ: ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਅੰਡਰ ਗ੍ਰੈਜੂਏਟ) ਜਾਂ NEET-UG ਦੀ ਕਾਊਂਸਲਿੰਗ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਕਾਊਂਸਲਿੰਗ ਅੱਜ ਯਾਨੀ 6 ਜੁਲਾਈ ਤੋਂ ਸ਼ੁਰੂ ਹੋਣੀ ਸੀ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਸੁਪਰੀਮ ਕੋਰਟ ਨੇ NEET UG ਦੀ ਕਾਊਂਸਲਿੰਗ ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਫੈਸਲਾ NEET ਪ੍ਰੀਖਿਆ ਵਿੱਚ ਪੇਪਰ ਲੀਕ ਅਤੇ ਹੋਰ ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਲਿਆ ਗਿਆ ਹੈ। ANI ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ NEET-UG ਦੀ ਕਾਊਂਸਲਿੰਗ ਅਗਲੇ ਨੋਟਿਸ ਤੱਕ ਸ਼ਨੀਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਹੈ। ਫਿਲਹਾਲ ਕਾਊਂਸਲਿੰਗ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਜੈਰਾਮ ਰਮੇਸ਼ ਦਾ ਟਵੀਟ (@JairamRamesh) ਜੈਰਾਮ ਰਮੇਸ਼ ਨੇ ਸਾਧਿਆ ਨਿਸ਼ਾਨਾ: ਇਸ ਐਲਾਨ ਤੋਂ ਥੋੜ੍ਹੀ ਦੇਰ ਬਾਅਦ, ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਇੰਨਾਂ ਦੀ ਅਗਵਾਈ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਹੈ।
ਕਾਂਗਰਸ ਨੇਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ 'ਚ ਕਿਹਾ,"NEET-UG ਮੁੱਦਾ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ। ਨਾਨ-ਬਾਇਓਲਾਜੀਕਲ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਬਾਇਓਲਾਜੀਕਲ ਸਿੱਖਿਆ ਮੰਤਰੀ ਆਪਣੀ ਅਯੋਗਤਾ ਅਤੇ ਅਸੰਵੇਦਨਸ਼ੀਲਤਾ ਦਾ ਸਬੂਤ ਪੇਸ਼ ਕਰ ਰਹੇ ਹਨ। ਸਾਡੇ ਲੱਖਾਂ ਨੌਜਵਾਨਾਂ ਦਾ ਭਵਿੱਖ ਉਨ੍ਹਾਂ ਦੇ ਹੱਥਾਂ ਵਿੱਚ ਪੂਰੀ ਤਰ੍ਹਾਂ ਅਸੁਰੱਖਿਅਤ ਹੈ।"
ਪ੍ਰੀਖਿਆ ਰੱਦ ਕਰਨਾ ਠੀਕ ਨਹੀਂ-NTA: ਇਸ ਤੋਂ ਪਹਿਲਾਂ 5 ਜੁਲਾਈ ਨੂੰ, ਕਥਿਤ ਗੜਬੜੀਆਂ ਕਾਰਨ NEET-UG 2024 ਪ੍ਰੀਖਿਆ ਨੂੰ ਰੱਦ ਕਰਨ ਦੀਆਂ ਵਧਦੀਆਂ ਮੰਗਾਂ ਦੇ ਵਿਚਕਾਰ, ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਪ੍ਰੀਖਿਆ ਨੂੰ ਰੱਦ ਕਰਨਾ ਸਹੀ ਨਹੀਂ ਹੋਵੇਗਾ ਅਤੇ ਇਹ ਇਮਾਨਦਾਰ ਉਮੀਦਵਾਰਾਂ ਨੂੰ ਗੰਭੀਰ ਰੂਪ ਤੋਂ ਖ਼ਤਰੇ ਵਿੱਚ ਪਾ ਦੇਣਗੇ।
ਕਦੋਂ ਹੋਈ ਸੀ NEET ਦੀ ਪ੍ਰੀਖਿਆ:ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ MBBS, BDS, ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ ਵਿੱਚ ਦਾਖਲੇ ਲਈ NEET-UG ਪ੍ਰੀਖਿਆ 5 ਮਈ ਨੂੰ ਆਯੋਜਿਤ ਕੀਤੀ ਗਈ ਸੀ। ਇਹ ਪ੍ਰੀਖਿਆ 4,750 ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ ਅਤੇ ਲਗਭਗ 2.4 ਮਿਲੀਅਨ ਉਮੀਦਵਾਰ ਇਸ ਵਿੱਚ ਸ਼ਾਮਲ ਹੋਏ ਸਨ। ਇਸ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ। ਇਸ ਦੌਰਾਨ ਪੇਪਰ ਲੀਕ ਸਮੇਤ ਬੇਨਿਯਮੀਆਂ ਦੇ ਦੋਸ਼ਾਂ ਕਾਰਨ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਵਿਰੋਧੀ ਸਿਆਸੀ ਪਾਰਟੀਆਂ ਵਿਚਕਾਰ ਬਹਿਸ ਹੋਈ।