ਕੋਲਕਾਤਾ— ਕੋਲਕਾਤਾ ਦੇ ਬਾਹਰੀ ਇਲਾਕੇ 'ਚ ਸਥਿਤ ਪਾਣੀ ਦੀ ਟੈਂਕੀ ਦੇ ਹੇਠਾਂ ਤੋਂ ਲਾਪਤਾ ਕਾਰੋਬਾਰੀ ਦੀ ਲਾਸ਼ ਬਰਾਮਦ ਹੋਈ ਹੈ। ਇਕ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕੋਲਕਾਤਾ ਦੇ ਬਾਲੀਗੰਜ ਇਲਾਕੇ ਦੇ ਰਹਿਣ ਵਾਲੇ ਭਾਵੋ ਲਖਾਨੀ (44) ਦੀ ਲਾਸ਼ ਮੰਗਲਵਾਰ ਨੂੰ ਉਸ ਦੇ ਕਾਰੋਬਾਰੀ ਸਹਿਯੋਗੀ ਅਨਿਰਬਾਨ ਗੁਪਤਾ ਦੇ ਘਰ 'ਤੇ ਪਾਣੀ ਦੀ ਟੈਂਕੀ ਦੇ ਹੇਠਾਂ ਬੋਰੀ 'ਚੋਂ ਬਰਾਮਦ ਕੀਤੀ ਗਈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਨੂੰ ਯੋਜਨਾਬੱਧ ਕਤਲ ਕਰਾਰ ਦਿੰਦਿਆਂ ਕਿਹਾ ਕਿ ਸਿਰਫ਼ ਅਪਰਾਧਿਕ ਮਾਨਸਿਕਤਾ ਵਾਲੇ ਲੋਕ ਹੀ ਅਜਿਹਾ ਅਪਰਾਧ ਕਰ ਸਕਦੇ ਹਨ। ਬੁੱਧਵਾਰ ਨੂੰ ਸਿਲੀਗੁੜੀ ਤੋਂ ਵਾਪਸੀ 'ਤੇ ਬੈਨਰਜੀ ਲਖਾਨੀ ਦੇ ਘਰ ਗਏ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ। ਉਨ੍ਹਾਂ ਕਿਹਾ ਕਿ ਜੁਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਤਲ ਦੀ ਧਾਰਾ ਲਗਾਈ ਜਾਵੇ। ਕੋਲਕਾਤਾ ਪੁਲਿਸ ਨੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।