ਹੈਦਰਾਬਾਦ— ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ 'ਚ 20 ਮਈ ਨੂੰ 8 ਸੂਬਿਆਂ ਦੀਆਂ 49 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਪੜਾਅ ਵਿੱਚ ਕੁੱਲ 695 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਉੜੀਸਾ-ਬਿਹਾਰ ਦੀਆਂ 5-5, ਝਾਰਖੰਡ ਦੀਆਂ 3, ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ 1-1 ਸੀਟਾਂ ਸ਼ਾਮਲ ਹਨ। ਏਡੀਆਰ ਦੀ ਰਿਪੋਰਟ ਅਨੁਸਾਰ ਪੰਜਵੇਂ ਗੇੜ ਵਿੱਚ ਚੋਣ ਲੜ ਰਹੇ ਕੁੱਲ 695 ਉਮੀਦਵਾਰਾਂ ਵਿੱਚੋਂ 159 (23 ਫ਼ੀਸਦੀ) ਦਾਗ਼ੀ ਅਕਸ ਵਾਲੇ ਹਨ ਅਤੇ ਉਨ੍ਹਾਂ ਖ਼ਿਲਾਫ਼ ਕੋਈ ਨਾ ਕੋਈ ਅਪਰਾਧਿਕ ਮਾਮਲਾ ਦਰਜ ਹੈ। 33 ਫੀਸਦੀ ਭਾਵ 227 ਉਮੀਦਵਾਰ ਕਰੋੜਪਤੀ ਹਨ, ਜਿਨ੍ਹਾਂ ਦੀ ਜਾਇਦਾਦ 1 ਕਰੋੜ ਰੁਪਏ ਤੋਂ ਵੱਧ ਹੈ। ਪੰਜਵੇਂ ਪੜਾਅ ਵਿੱਚ 82 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਹੈ।
695 ਉਮੀਦਵਾਰਾਂ ਦੇ ਚੋਣ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ: ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏਡੀਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਪੰਜਵੇਂ ਗੇੜ ਵਿੱਚ ਚੋਣ ਲੜ ਰਹੇ ਸਾਰੇ 695 ਉਮੀਦਵਾਰਾਂ ਦੇ ਚੋਣ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਏਡੀਆਰ ਦੀ ਰਿਪੋਰਟ ਅਨੁਸਾਰ ਇਸ ਪੜਾਅ ਵਿੱਚ 122 ਉਮੀਦਵਾਰਾਂ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਚਾਰ ਉਮੀਦਵਾਰਾਂ 'ਤੇ ਕਤਲ ਅਤੇ 28 'ਤੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। ਤਿੰਨ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੂੰ ਅਦਾਲਤ ਨੇ ਕਿਸੇ ਨਾ ਕਿਸੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। 29 ਉਮੀਦਵਾਰਾਂ ਖਿਲਾਫ ਔਰਤਾਂ 'ਤੇ ਅੱਤਿਆਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹਨ। ਇਨ੍ਹਾਂ 'ਚੋਂ ਇਕ ਦੇ ਖਿਲਾਫ ਜਬਰ-ਜ਼ਨਾਹ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 10 ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ਦੱਸਿਆ ਹੈ ਕਿ ਭੜਕਾਊ ਭਾਸ਼ਣ ਦੇਣ ਦੇ ਦੋਸ਼ 'ਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਭਾਜਪਾ ਦੇ 19 ਉਮੀਦਵਾਰ, ਕਾਂਗਰਸ ਦੇ 8 ਉਮੀਦਵਾਰ ਦਾਗੀ
ਰਿਪੋਰਟ ਮੁਤਾਬਕ ਪੰਜਵੇਂ ਪੜਾਅ ਦੇ 40 ਵਿੱਚੋਂ 19 ਭਾਜਪਾ ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਕਾਂਗਰਸ ਦੇ 18 ਵਿੱਚੋਂ 8 ਉਮੀਦਵਾਰ ਦਾਗੀ ਹਨ। ਇਸੇ ਤਰ੍ਹਾਂ ਸਪਾ ਦੇ ਪੰਜ, ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਤਿੰਨ, ਏਆਈਐਮਆਈਐਮ ਦੇ ਦੋ, ਟੀਐਮਸੀ ਦੇ ਤਿੰਨ, ਸ਼ਿਵ ਸੈਨਾ (ਊਧਵ ਧੜੇ) ਦੇ ਤਿੰਨ, ਆਰਜੇਡੀ ਅਤੇ ਬੀਜੇਡੀ ਦੇ ਇੱਕ-ਇੱਕ ਉਮੀਦਵਾਰ ਅਪਰਾਧਿਕ ਅਕਸ ਵਾਲੇ ਹਨ।