ਮੰਡੀ :ਪੰਜਾਬ ਦੇ ਨੰਗਲ 'ਚ ਅੰਤਰਜਾਤੀ ਵਿਆਹ ਤੋਂ ਬਾਅਦ ਭੱਜੇ ਨੌਜਵਾਨ ਅਤੇ ਲੜਕੀ ਦੀ ਭਾਲ 'ਚ ਲੜਕੀ ਦਾ ਪਰਿਵਾਰ ਹਥਿਆਰਾਂ ਅਤੇ ਪੈਟਰੋਲ ਲੈ ਕੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਪਲਿਆਨੀ ਪਹੁੰਚ ਗਿਆ। ਜਿੱਥੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਥੇ ਖੜ੍ਹੀ ਨੌਜਵਾਨ ਦੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ 'ਤੇ ਪਿਸਤੌਲ ਤਾਣ ਦਿੱਤੀ ਅਤੇ ਉਨ੍ਹਾਂ ਦਾ ਠਿਕਾਣਾ ਦੱਸਣ ਲਈ ਦਬਾਅ ਪਾਇਆ। ਸ਼ਿਕਾਇਤ ਮਿਲਣ 'ਤੇ ਥਾਣਾ ਬੱਲਹ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੇ ਨੰਗਲ 'ਚ ਇਕ ਨੌਜਵਾਨ ਅਤੇ ਲੜਕੀ ਨੇ ਅੰਤਰਜਾਤੀ ਵਿਆਹ ਕਰਵਾ ਲਿਆ ਸੀ। ਲੜਕਾ ਅਨੁਸੂਚਿਤ ਜਾਤੀ ਦਾ ਹੈ। ਜਦੋਂਕਿ ਲੜਕੀ ਜਨਰਲ ਵਰਗ ਦੀ ਹੈ। ਵਿਆਹ ਤੋਂ ਬਾਅਦ ਦੋਵੇਂ ਪਹਿਲਾਂ ਸੁੰਦਰਨਗਰ ਆਏ ਅਤੇ ਉੱਥੇ ਹੀ ਰਹੇ। ਲੜਕੇ ਦਾ ਨਾਨਕਾ ਘਰ ਬਲਹਘਾਟੀ ਦੇ ਪਲਿਆਨੀ ਪਿੰਡ ਵਿੱਚ ਹੈ। ਦੋਵੇਂ ਉਥੇ ਚਲੇ ਗਏ। ਜਿਸ ਗੱਡੀ 'ਚ ਉਹ ਦੋਵੇਂ ਆਏ ਸੀ, ਉਨ੍ਹਾਂ ਨੇ ਉਹ ਕਾਰ ਉਥੇ ਹੀ ਖੜੀ ਕਰ ਦਿੱਤੀ। ਜਿਸ ਤੋਂ ਬਾਅਦ ਉਹ ਦੋਵੇਂ ਫਿਰ ਮਨਾਲੀ ਵੱਲ ਜਾਣ ਵਾਲੀ ਬੱਸ ਵਿਚ ਸਵਾਰ ਹੋ ਕੇ ਚਲੇ ਗਏ।