ਸੂਰਤ/ਗੁਜਰਾਤ: ਬੀਤੀ ਰਾਤ ਗੁਜਰਾਤ ਦੇ ਸੂਰਤ ਵਿੱਚ ਗਣੇਸ਼ ਪੰਡਾਲ ਵਿੱਚ ਪੱਥਰਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਕੇਸ ਦਰਜ ਕਰਕੇ 33 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਥਰਾਅ ਤੋਂ ਬਾਅਦ ਸ਼ਹਿਰ 'ਚ ਤਣਾਅ ਦੇਖਣ ਨੂੰ ਮਿਲਿਆ। ਸਥਿਤੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼
ਜਾਣਕਾਰੀ ਮੁਤਾਬਕ ਬੀਤੀ ਰਾਤ ਸੈਯਦਪੁਰਾ ਇਲਾਕੇ 'ਚ ਗਣੇਸ਼ ਪੰਡਾਲ 'ਤੇ ਬਦਮਾਸ਼ਾਂ ਨੇ ਪੱਥਰ ਸੁੱਟੇ। ਇਸ ਤੋਂ ਹਿੰਦੂ ਸੰਗਠਨ ਨਾਰਾਜ਼ ਹੋ ਗਏ। ਕੁਝ ਹੀ ਦੇਰ 'ਚ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਇਕੱਠੇ ਹੋ ਗਏ। ਇਸ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ। ਸਥਿਤੀ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਇਹ ਸਾਜ਼ਿਸ਼ ਕਿਸ ਨੇ ਰਚੀ ਹੈ। ਇਸ ਵਿਚ ਸ਼ਾਮਲ ਲੋਕ ਕੌਣ ਹਨ ਜੋ ਸਮਾਜ ਵਿਚ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ?