ਹੈਦਰਾਬਾਦ: ਇਕ ਅਜੀਬੋ-ਗਰੀਬ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਪੜ੍ਹ ਕੇ ਹਰ ਕੋਈ ਸੋਚਾਂ 'ਚ ਪਾ ਦਿੱਤਾ। ਜਿੱਥੇ ਇਕ ਧੋਖੇਬਾਜ਼ ਨੇ ਆਪਣੀ ਦਿੱਖ ਨੂੰ ਲੁਕਾਉਣ ਲਈ ਵਿੱਗ ਦੀ ਵਰਤੋਂ ਕੀਤੀ ਅਤੇ ਵਿਆਹ ਦੀਆਂ ਸਾਈਟਾਂ 'ਤੇ ਕਈ ਪਰਿਵਾਰਾਂ ਨਾਲ ਧੋਖਾ ਕੀਤਾ। ਜਾਣਕਾਰੀ ਅਨੁਸਾਰ ਠੱਗੀ ਕਰਨ ਵਾਲੇ ਨੇ ਆਪਣੇ ਆਪ ਯੋਗ ਲਾੜਾ ਦੱਸ ਕੇ ਨਾ ਸਿਰਫ ਧੀਆਂ ਵਾਲੇ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸਗੋਂ ਵਿਆਹ ਦੇ ਖਰਚੇ ਦੇ ਨਾਂ 'ਤੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਵੀ ਵਸੂਲੀਆਂ। ਦੱਸ ਦਈਏ ਕਿ ਇਹ ਮਾਮਲਾ ਹੈਦਰਾਬਾਦ ਤੋਂ ਸਾਹਮਣਾ ਆਇਆ ਹੈ।
ਕਦੋਂ ਖੁਲਾਸਾ ਹੋਇਆ
ਇਸ ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਆਪਣੀ ਇਕਲੌਤੀ ਧੀ ਲਈ ਲੜਕਾ ਲੱਭ ਰਹੇ ਇਕ ਪਰਿਵਾਰ ਨੇ ਧੋਖੇਬਾਜ਼ ਦੀ ਆਨਲਾਈਨ ਪ੍ਰੋਫਾਈਲ ਦੇਖੀ। ਉਸ ਦੀ ਪ੍ਰੋਫਾਈਲ ਤੋਂ ਪ੍ਰਭਾਵਿਤ ਹੋ ਕੇ ਉਹ ਰਿਸ਼ਤਾ ਬਣਾਉਣ ਲਈ ਰਾਜ਼ੀ ਹੋ ਗਏ ਅਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦਾ ਭਰੋਸਾ ਜਿੱਤ ਕੇ ਲਾੜੇ ਨੇ ਗਹਿਣੇ ਅਤੇ ਵਿਆਹ ਦੇ ਖਰਚੇ ਲਈ 25 ਲੱਖ ਰੁਪਏ ਮੰਗੇ। ਇੰਨਾ ਹੀ ਨਹੀਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਨਾ ਹੋਵੇ, ਇਸ ਲਈ ਉਨ੍ਹਾਂ ਨੇ ਗਹਿਣਿਆਂ ਦੀਆਂ ਤਸਵੀਰਾਂ ਵਟਸਐਪ 'ਤੇ ਸ਼ੇਅਰ ਕੀਤੀਆਂ।
ਪਹਿਲਾਂ ਹੀ ਵਿਆਹਿਆ ਹੋਇਆ ਸੀ
ਸਭ ਤੋਂ ਵੱਡੀ ਗੱਲ ਇਹ ਕਿ ਉਹ ਵਿਅਕਤੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਇਸ ਤੋਂ ਇਲਾਵਾ ਉਸ ਦਾ ਅਪਰਾਧਿਕ ਰਿਕਾਰਡ ਵੀ ਹੈ। ਸੱਚਾਈ ਦਾ ਪਤਾ ਲੱਗਣ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਰੱਦ ਕਰਕੇ ਪੈਸੇ ਵਾਪਸ ਕਰਨ ਲਈ ਕਿਹਾ। ਇਸ 'ਤੇ ਉਸ ਨੇ ਵਿਆਹ ਰੱਦ ਕਰਨ ਅਤੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।