ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ ਨੂੰ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਇਸ ਤੋਂ ਪਹਿਲਾਂ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਵੀਰਵਾਰ ਸ਼ਾਮ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ।
ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪੰਜਾਬ ਵਿਚ ਹੋਇਆ ਸੀ। ਉਨ੍ਹਾਂ ਨੇ 1952 ਅਤੇ 1954 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੇ 1957 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਆਰਥਿਕ ਟ੍ਰਿਪੋਸ ਪੂਰੀ ਕੀਤੀ। ਇਸ ਤੋਂ ਬਾਅਦ 1962 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਡੀ.ਫਿਲ. ਦਾ ਖਿਤਾਬ ਹਾਸਲ ਕੀਤਾ ਹੈ। ਡਾ. ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ ਅਤੇ ਦਿੱਲੀ ਸਕੂਲ ਆਫ਼ ਇਕਨਾਮਿਕਸ ਵਿੱਚ ਪੜ੍ਹਾਉਣ ਦਾ ਕੰਮ ਵੀ ਕੀਤਾ।