ਬੈਂਗਲੁਰੂ:ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਅਰਜੁਨ ਪੁਰਸਕਾਰ ਜੇਤੂ ਖਿਡਾਰੀ ਵਰੁਣ ਕੁਮਾਰ ਉੱਤੇ ਬਲਾਤਕਾਰ ਦੇ ਇਲਜ਼ਾਮ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ। ਹੈਦਰਾਬਾਦ ਦੀ ਇੱਕ ਵਾਲੀਬਾਲ ਖਿਡਾਰਨ ਦੀ ਸ਼ਿਕਾਇਤ ਦੇ ਆਧਾਰ 'ਤੇ ਗਿਆਨ ਭਾਰਤੀ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕੀਤੀ ਗਈ ਹੈ। ਭਾਰਤੀ ਹਾਕੀ ਟੀਮ ਦੇ ਡਿਫੈਂਡਰ ਵਰੁਣ ਕੁਮਾਰ ਦੇ ਖਿਲਾਫ POCSO ਦੇ ਤਹਿਤ FIR ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੀੜਤ 22 ਸਾਲਾ ਕੁੜੀ ਨੇ ਦਾਅਵਾ ਕੀਤਾ ਹੈ ਕਿ ਵਰੁਣ ਕੁਮਾਰ ਨੇ ਵਿਆਹ ਦਾ ਵਾਅਦਾ ਕਰਕੇ ਪਿਛਲੇ ਪੰਜ ਸਾਲਾਂ ਦੌਰਾਨ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਵਰੁਣ ਕੁਮਾਰ ਅਤੇ ਪੀੜਤ ਲੜਕੀ ਇੱਕ ਦੂਜੇ ਨੂੰ ਇੰਸਟਾਗ੍ਰਾਮ ਰਾਹੀਂ ਜਾਣਦੇ ਸਨ, ਉਸ ਸਮੇਂ ਵਰੁਣ SAI 'ਚ ਟ੍ਰੇਨਿੰਗ ਕਰ ਰਹੇ ਸਨ। ਉਸ ਨੇ ਸ਼ਿਕਾਇਤ ਵਿੱਚ ਕਿਹਾ ਕਿ ਜਿਸ ਵੇਲੇ ਉਹ ਰਿਲੇਸ਼ਨ ਵਿੱਚ ਸਨ ਉਸ ਵੇਲੇ ਉਹ 17 ਸਾਲ ਦੀ ਸੀ । ਉਹ ਇੱਕ ਦੂਜੇ ਨੂੰ 2019 ਤੋਂ ਜਾਣਦੇ ਹਨ।
ਭਾਰਤ ਲਈ ਖਿਤਾਬ ਜਿੱਤਿਆ:ਵਰੁਣ ਕੁਮਾਰ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਹ ਹਾਕੀ ਲਈ ਪੰਜਾਬ ਆ ਗਿਆ ਸੀ। 2017 ਵਿੱਚ ਭਾਰਤੀ ਟੀਮ ਲਈ ਆਪਣੀ ਸ਼ੁਰੂਆਤ ਕੀਤੀ, 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵਰੁਣ ਕੁਮਾਰ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। 2020 ਟੋਕੀਓ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਤਮਗਾ ਜੇਤੂ ਟੀਮ ਦਾ ਮੈਂਬਰ ਰਿਹਾ। ਇਸ ਜਿੱਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਨੇ ਓਲੰਪਿਕ ਵਿੱਚ ਟੀਮ ਨੂੰ ਕਾਂਸੀ ਦਾ ਤਗ਼ਮਾ ਮਿਲਣ ਤੋਂ ਬਾਅਦ ਹਾਕੀ ਖਿਡਾਰੀ ਵਜੋਂ ਉਸ ਦੇ ਯੋਗਦਾਨ ਨੂੰ ਮਾਨਤਾ ਵਜੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਗਿਆਨਭਾਰਤੀ ਪੁਲਿਸ ਵਰੁਣ ਦੀ ਜਲੰਧਰ ਵਿੱਚ ਭਾਲ ਕਰ ਰਹੀ ਹੈ।